ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਮੈਨੂੰ ਤੇ ਪਤਾ ਨਹੀਂ, ਮੈਂ ਆਪਣੇ ਕਮਰੇ ਵਿਚ ਸਾਂ। ਸ਼ਾਇਦ ਆ ਕੇ ਮੁੜ ਗਏ ਹੋਣ। ਰਤਨੇ ਕੋਲੋਂ ਪੁਛ ਲਵੋ।" ਉਹ ਹੋਰ ਕੁਝ ਕਹੇ ਬਿਨਾਂ ਰਤਨੇ ਕੋਲ ਚਲੇ ਗਏ। ਮੈਂ ਪਿਛੋਂ ਝੂਰਨ ਲਗ ਪਈ, ਸੋਚਾਂ, "ਕਿਉਂ ਝੂਠ ਬੋਲਿਆ, ਸਾਫ ਕਹਿ ਦੇਂਦੀ, ਨਹੀਂ ਸਨ ਆਏ। ਕੀ ਵਿਗੜ ਜਾਣਾ ਸੀ।"

ਵੀਰ ਜੀ ਦੇ ਪੁਛਣ ਤੇ ਮੈਂ ਡਰ ਜਿਹੀ ਗਈ ਸਾਂ, ਕਿ ਮੇਰੇ ਜਜ਼ਬੇ, ਮੇਰੀਆਂ ਅੱਖਾਂ ਤੇ ਚਿਹਰੇ ਤੋਂ ਨਾ ਦਿਖਾਈ ਦੇਣ।

ਅਛਾ, ਅਜ ਜ਼ਰੂਰ ਆਉਣਾ, ਨਹੀਂ ਤੇ ... ਮੈਂ ... ਰੁਸ ਜਾਵਾਂਗੀ, ਫੇਰ ਮਨਾਉਣ ਤੇ ਵੀ ਨਹੀਂ ... ਮੰਨਾਂਗੀ। ਆਉਗੇ ਨਾ? ਮੈਂ ਉਡੀਕਾਂਗੀ।

ਹੁਣ ਵੀ ਘਰ ਦੇ ਵਿਚ ਕਈਆਂ ਨੂੰ ਸ਼ਕ ਹੈ, ਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਜਦੋਂ ਤੁਹਾਡੀ ਬਾਬਤ ਕੋਈ ਜ਼ਿਕਰ ਕਰਦਾ ਹੈ ਤਾਂ ਮੈਂ ਇਕ ਅਨਜਾਣ ਲੜਕੀ ਵਾਂਗ ਗੱਲਾਂ ਸੁਣਦੀ ਰਹਿੰਦੀ ਹਾਂ ... ਜਿਸ ਤਰ੍ਹਾਂ ਮੈਂ ਤੁਹਾਨੂੰ ਬਿਲਕੁਲ ਨਹੀਂ ਜਾਣਦੀ। ਜੇ ਕਦੀ ਕੋਈ ਗੱਲ ਮਜਬੂਰਨ ਤੁਹਾਡੀ ਬਾਬਤ ਕਰਨੀ ਵੀ ਪੈਂਦੀ ਹੈ ਤਾਂ ਬੜੀ ਬੇਪਰਵਾਹੀ ਤੇ ਬੇ-ਰੁਖੀ ਤਰ੍ਹਾਂ ਕਰ ਛਡਦੀ ਹਾਂ। ਦੁਜਿਆਂ ਦੇ ਸਾਹਮਣੇ ਜਦੋਂ ਤੁਸੀ ਸਾਡੇ ਘਰ ਆਉਂਦੇ ਹੋ, ਮੈਂ ਨਜ਼ਰ ਭਰ ਕੇ ਦੇਖਿਆ ਨਹੀਂ। ਕਿਉਂਕਿ ਮੈਨੂੰ ਡਰ ਲਗਾ ਰਹਿੰਦਾ ਹੈ, ਕਿ ਮੇਰੀਆਂ ਅੱਖਾਂ ਰਾਹੀਂ ਮੇਰੇ ਦਿਲ ਦਾ ਭੇਦ ਨਾ ਜ਼ਾਹਿਰ ਹੋ ਜਾਏ। ਏਨੀ ਇਹਤਿਆਤ ਵਰਤਦਿਆਂ, ਏਨਾਂ ਖਿਆਲ ਰਖਦਿਆਂ, ਫੇਰ ਵੀ ਲੋਕਾਂ ਨੂੰ ਸ਼ਕ ਪੈ ਰਿਹਾ ਹੈ। ਮੈਂ ਕੀ ਕਰਾਂ ਫੇਰ - ਪੈ ਲੈਣ ਦਿਓ। ਸ਼ਕ। ਸਾਡੀ ਸ਼ਕੀ ਸਮਾਜ ਵਿਚੋਂ ਤੇ ਸ਼ਕ ਖ਼ਤਮ ਹੀ ਨਹੀਂ ਹੋਣੇ। ਸਚੀਂਂ, ਸ਼ਕੀ ਮੰਨ ਕਿੰਨੀ ਬੁਰੀ ਅਵਸਥਾ ਹੈ। ਨਾ ਆਪ ਸੁਖੀ ਨਾ ਦੂਜਿਆਂ ਲਈ। ਸੁਖ। ਸ਼ਕੀ ਦਿਲ ਕਦੀ ਦੂਜਿਆਂ ਦੀ ਭਲਾਈ ਨਹੀਂ ਸੋਚ ਸਕਦਾ।

ਖ਼ਤ ਲਿਖਣ ਲਗਿਆਂ ਖ਼ਿਆਲ ਸੀ, ਦੋ ਚਾਰ ਸਤਰਾਂ ਲਿਖ ਕੇ ਬਸ ਕਰ ਦਿਆਂਗੀ। ਪਰ ਏਨਾਂ ਕੁਝ ਲਿਖ ਦੇਂਦੀ ਹਾਂ।

ਜੇ ਹੋ ਸਕੇ ਤਾਂ ਆਪਣੇ ਆਉਣ ਦਾ ਠੀਕ ਪਤਾ ਲਿਖ ਭੇਜਣਾ, ਤਾਂ ਜੁ ਮੈਂ ਪਹਿਲੋਂ ਹੀ ਉਡੀਕਣਾ ਨਾ ਸ਼ੁਰੂ ਕਰ ਦਿਆਂ।

૫૧