ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰ ਲੈਂਦੀ ਹੈ। ਹੈਰਾਨੀ ਦੀ ਗਲ ਇਹ, ਹੈ ਕਿ ਆਪਣੇ ਉਸ ਬੇ-ਵਫਾ ਪ੍ਰੇਮੀ ਨੂੰ ਵੀ - ਜਿਸ ਦੇ ਵਿਰੁਧ ਉਸਦਾ ਹਿਰਦਾ ਨਫਰਤ ਨਾਲ ਲਬਰੇਜ਼ ਸੀ - ਸ਼ੁਭ ਇੱਛਾਂ ਤੇ ਸ੍ਵੱਛ ਪਿਆਰ ਦੀਆਂ ਲਪਟਾਂ ਭੇਜਦੀ ਹੈ।

ਕਿਤਨਾ ਵਿਸ਼ਾਲ ਹਿਰਦਾ ਸੀ ‘ਗੁਮਨਾਮ ਕੁੜੀ' ਦਾ।

ਇਹਨਾਂ ਚਿਠੀਆਂ ਵਿਚ ਸੁਆਦ ਦੇ ਨਾਲ ਨਾਲ ਜਿਹੜੀ ਸਿਖਿਆ ਪਾਠਕ ਨੂੰ ਮਿਲਦੀ ਹੈ, ਉਹ ਵੀ ਬੜੀ ਅਨਮੋਲ ਤੇ ਲੋੜੀਂਦੀ ਹੈ।

ਏਸ ਪੁਸਤਕ ਨੂੰ ਪੜ੍ਹਕੇ ਪ੍ਰੇਮ ਦੀਆਂ ਉਨ੍ਹਾਂ ਤਿੰਨਾਂ ਅਵਸਥਾਆਂ ਦਾ ਰੂਪ ਸਾਡੇ ਸਾਹਮਣੇ ਆ ਜਾਂਦਾ ਹੈ, ਜਿਨ੍ਹਾਂ ਦਾ ਪ੍ਰੇਮ ਤੇ ਮਨੋ-ਵਿਗਿਆਨ ਨਾਲ ਗੁੜ੍ਹਾ ਸੰਬੰਧ ਹੈ।

ਪਹਿਲੀ (ਮੁਢਲੀ) ਅਵਸਥਾ ਵਿਚ - ਜਦ ਕਿਸੇ ਦੇ ਹਿਰਦੇ ਉਤੇ ਪਹਿਲੀ ਵੇਰਾਂ ਪ੍ਰੇਮ ਝਲਕਾਰਾ ਪੈਂਦਾ ਹੈ, ਤੇ ਅੰਤ੍ਰੀਵ ਮਸਤੀ ਵਿਚ ਪ੍ਰੇਮੀਆਂ ਦੀਆਂ ਸਾਰੀਆਂ ਰੁਚੀਆਂ ਇਕ ਤਾਰ ਹੋ ਕੇ ਪ੍ਰੇਮ-ਰਾਗ ਅਲਾਪਨ ਲਗ ਪੈਂਦੀਆਂ ਹਨ, ਤੇ ਏਸ ਮਧੁਰ ਸੰਗੀਤ ਦੀ ਮਸਤੀ ਵਿਚ ਪ੍ਰੇਮੀ ਬਿਨਾਂ ਸੋਚੇ ਸਮਝੇ ਆਪਣਾ ਸਰਬੰਸ ਪ੍ਰੀਤਮ ਦੇ ਚਰਨਾਂ ਤੇ ਨਿਛਾਵਰ ਕਰ ਦੇਂਦਾ ਹੈ। ਅਥਵਾ ਉਹ ਆਪਣੀ ਜੀਵਨ-ਨਈਆ ਨੂੰ ਉਸ ਅਥਾਹ ਸਮੁੰਦਰ ਵਿਚ ਬੇ-ਦਰੇਗ ਠੇਲ੍ਹ ਦੇਂਂਦਾ ਹੈ, ਜਿਸ ਬਾਬਤ ਉਹਨੂੰ ਕੁਝ ਵੀ ਤਜਰਬਾ ਨਹੀਂ ਹੁੰਦਾ। ਕਿਸ਼ਤੀ ਜਿਉਂ ਜਿਉਂ ਲੰਘੇ ਪਾਣੀਆਂ ਵਿਚ ਜਾਂਦੀ ਹੈ, ਉਸ ਦਾ ਬਲ ਤੇ ਹੌਸਲਾ ਸਗੋਂ ਵਧਦਾ ਹੀ ਜਾਂਦਾ ਹੈ।

ਤੇ ਦੂਜੀ ਅਵਸਥਾ ਉਹ ਹੁੰਦੀ ਹੈ, ਜਦ ਉਸ ਦੀ ਜੀਵਨ-ਕਿਸ਼ਤੀ ਮੰਝਧਾਰ ਵਿਚ ਪਹੁੰਚ ਚੁਕੀ ਹੁੰਦੀ ਹੈ-ਜਿਥੋਂ ਨਾ ਪਾਰਲਾ ਕੰਢਾ ਦਿਸਦਾ ਹੈ। ਤੇ ਨਾ ਹੀ ਉਰਾਰਲਾ। ਚੱਪੂ ਮਾਰ ਮਾਰ ਕੇ ਪ੍ਰੇਮੀ ਦੀਆਂ ਬਾਹਾਂ ਨੂੰ ਥਕਾਵਟ ਮਹਿਸੂਸ ਹੋਣ ਲਗ ਪੈਂਦੀ ਹੈ। ਉਹ ਇਕ ਵਾਰੀ ਨਜ਼ਰ ਭਰ ਕੇ ਆਪਣੇ ਚਫੇਰੇ ਤਕਦਾ ਹੈ, ਪਰ ਕਿਤੋਂ ਵੀ ਕੁਝ ਦਿਖਾਈ ਨਹੀਂ ਦੇਂਦਾ। ਏਥੇ ਆ ਕੇ ਉਸਨੂੰ ਕਈ ਤਰ੍ਹਾਂ ਦੀਆਂ ਚਿੰਤਾਆਂ ਘੇਰ ਲੈਂਦੀਆਂ ਤੇ ਪੈਰੋ ਪੈਰ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ।