ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਵੀ ਕਿੰਨੀ ਖ਼ੁਸ਼ੀ, ਕਿੰਨਾ ਸਤਿਕਾਰ, ਕਿੰਨੀ ਹਮਦਰਦੀ ਤੇ ਕਿੰਨੀਆਂ ਰੀਝਾਂ ਤੇਰੀਆਂ ਪਈਆਂ ਹਨ । ਠੀਕ ਹੈ, ਆਪਣੀ ਖੁਸ਼ੀ ਅਸਲ ਵਿਚ ਦੂਜਿਆਂ ਦੀ ਖ਼ੁਸ਼ੀ ਵਿਚੋਂ ਹੀ ਲਭਦੀ ਹੈ। ਜੇ ਆਲਾ ਦੁਆਲਾ ਚਮਕਿਆ ਹਵੈ, ਤਾਂ ਆਪਣਾ ਜੀਵਨ ਬਦੋ ਬਦੀ ਚਮਕ ਪੈਂਦਾ ਹੈ। ਤੇ ਜੇ ਕਿਸੇ ਪਾਸੇ ਵੀ ਰੰਜ, ਗਮ, ਮਾਯੂਸੀ, ਜਾਂ ਨਿਰਾਸਤਾ ਹੋਵੇ ਤਾਂ ਆਪ ਨੂੰ ਵੀ ਪੂਰੀ ਖੁਸ਼ੀ ਨਹੀਂ ਮਿਲ ਸਕਦੀ। ਆਖ਼ਿਰ ਇਨਸਾਨੀ ਦਿਲ ਹੈ,ਪੱਥਰ ਤੇ ਨਹੀਂ, ਕਿ ਇਸ ਉੱਤੇ ਕਿਸੇ ਦੇ ਸੁਖ ਦੁਖ ਦਾ ਅਸਰ ਹੀ ਨਹੀਂ ਹੋਣਾ।

ਅਜ ਪਹਿਲੀ ਵਾਰੀ ਮੈਂ ਤੁਹਾਡੇ ਖ਼ਤ ਨੂੰ ਆਪਣੇ ਬੁਲਾਂ ਨਾਲ ਲਾਇਆ, ਉਹ ਵੀ ਰਾਤ ਨੂੰ ਬਾਰੀ ਵਿਚ ਖਲੋ ਕੇ, ਚੰਦ ਦੀ ਚਾਂਦਨੀ ਜਦੋਂ ਤੁਹਾਡੇ ਖ਼ਤ ਤੇ ਪੈ ਰਹੀ ਸੀ। ਪਰ ਦਵਿੰਦਰ ਜੀ ਫੇਰ ਵੀ ਕਈ ਵਾਰੀ ਡਰਦੀ ਸੀ, ਕਿ ਕਿਤੇ ਚੰਦ ਹੀ ਨਾ ਸਾਜ਼ਸ਼' ਕਰ ਦਏ .. ... .. ਛੋਟੇ ਛੋਟੇ ਤਾਰੇ ਹੀ ਨਾ ਦੇਖ ਲੈਣ, ਤੇ ਇਨ੍ਹਾਂ ਵਿਚੋਂ ਕੋਈ ਤਾਰਾ ਟੁਟ ਕੇ ਨੀਲੇ ਸਮੁੰਦਰ ਵਿਚ ਡਿਗ ਪਏ - ਤੇ ਮੇਰਾ ਭੇਦ ਖੁਲ੍ਹ ਜਾਏ । ਸਮੁੰਦਰ ਚੱਪੂਆਂ ਨੂੰ ਨਾ ਖ਼ਬਰ ਕਰ ਦੇਵੇ, ਤੇ ਉਹ ਚੱਪੂ ਕਿਸੇ ਮਲਾਹ ਦੇ ਕੰਨਾਂ ਵਿਚ ਮੇਰੀ ਬਾਬਤ ਨਾ ਕੁਝ ਕਹਿ ਦੇਵੇ ...... ਤੇ ਆਖ਼ਿਰ ਸਮਾਜ ਦੇ ਹਥਾਂ ਵਿਚ ਕੁਚਲੇ ਜਾਈਏ । ਸੁਸਾਇਟੀ ਦੇ ਬਘਿਆੜ ਸਾਨੂੰ ਲਾਹਨਤਾਂ ਪਾਉਂਦੇ ਰਹਿਣਗੇ। ਉਨ੍ਹਾਂ ਦੀ ਭੁਖ ਨੂੰ ਦੂਰ ਕਰਨ ਲਈ ਸਾਨੂੰ ਬੜਾ ਕੁਝ ਦੇਣਾ ਪਵੇਗਾ। ਮੈਂ ਬਿਨਾਂ ਦਿਲ ਅਤੇ ਰੂਹ ਦੇ ਸਭ ਕੁਝ ਇਸ ਦੇ ਹਵਾਲੇ ਕਰ ਦਿਆਂਗੀ।

ਏਥੇ ਕਈ ਇਹੋ ਜਿਹੀਆਂ ਰੂਹਾਂ ਹਨ, ਜਿਹੜੀਆਂ ਸਾਨੂੰ ਵਖ ਹੁੰਦਿਆਂ ਦੇਖ ਕੇ ਖ਼ੁਸ਼ੀ ਮਨਾਉਣਗੀਆਂ। ਉਨ੍ਹਾਂ ਵਿਚੋਂ ਸਭ ਤੋਂ ਵਧੀਕ ਤੁਹਾਡੇ ਤੇ ਮੇਰੇ ਰਿਸ਼ਤੇਦਾਰ ਆਫ਼ਤ ਲਿਆਉਣਗੇ ।

ਅਸਲ ਵਿਚ ਸਾਰੀ ਦੁਨੀਆ ਦੀ ਕੁੰਜੀ 'ਪਿਆਰ' ਹੀ ਹੈ । ਤੇ ਅਸੀ ਦੋਵੇਂ - ਇਕ ਦਿਲ ਤੇ ਦੂਜੀ ਰੂਹ - ਆਪਣੀ ਕਿਸਮਤ ਦੇ ਆਪ ਬਨਾਉਣ ਵਾਲੇ ਹਾਂ । ਕਿਸਮਤ ਦਾ ਸਾਨੂੰ ਕਦੀ ਖ਼ਿਆਲ ਨਹੀਂ ਆਇਆ। ਸਾਡਾ ਸਾਂਝਾ ਜੋਸ਼ ਜਿਥੇ ਸਾਨੂੰ ਖਿਚੀ ਜਾਂਦਾ ਹੈ, ਅਸੀ ਤੁਰੇ ਜਾਂਦੇ ਹਾਂ।

੬੩