ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਵੇਸ਼

ਗਿੱਧੇ ਦੀਆਂ ਬੋਲੀਆਂ ਪੰਜਾਬੀਆਂ ਦਾ ਸਭ ਤੋਂ ਵਧ ਹਰਮਨ ਪਿਆਰਾ ਲੋਕ-ਕਾਵਿ ਰੂਪ ਹੈ। ਗਿੱਧੇ ਦਾ ਨਾਂ ਸੁਣਦਿਆਂ ਹੀ ਪੰਜਾਬੀ ਗੁਲਾਬ ਦੇ ਫੁੱਲ ਵਾਂਗ ਖਿੜ ਜਾਂਦੇ ਹਨ ਤੇ ਉਨ੍ਹਾਂ ਦੇ ਸਰੀਰਾਂ ਵਿਚ ਮਸਤੀ ਦੀ ਲਹਿਰ ਦੌੜ ਜਾਂਦੀ ਹੈ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ ਗਿੱਧੇ ਦਾ ਰੰਗ ਨਾ ਮਾਣਿਆ ਹੋਵੇ। ਗਿੱਧਾ ਪੰਜਾਬੀਆਂ ਵਿਸ਼ੇਸ਼ ਕਰਕੇ ਪੰਜਾਬੀ ਮੁਟਿਆਰਾਂ ਦਾ ਹਰਮਨ ਪਿਆਰਾ ਲੋਕ ਨਾਚ ਹੈ, ਜੋ ਕਿਸੇ ਵੀ ਖ਼ੁਸ਼ੀ ਦੇ ਮੌਕੇ 'ਤੇ ਨੱਚਿਆ (ਪਾਇਆ) ਜਾ ਸਕਦਾ ਹੈ। ਗਿੱਧਾ ਪਾਉਣ ਸਮੇਂ ਕੇਵਲ ਨੱਚਿਆ ਹੀ ਨਹੀਂ ਜਾਂਦਾ ਬਲਕਿ ਮਨ ਦੇ ਹਾਵ-ਭਾਵ ਪ੍ਰਗਟਾਉਣ ਵਾਲ਼ੀਆਂ ਬੋਲੀਆਂ ਵੀ ਨਾਲ਼ੋ-ਨਾਲ਼ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ।

ਗਿੱਧੇ ਦੀਆਂ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਪ੍ਰਮੁੱਖ ਅੰਗ ਹਨ, ਜੋ ਹਜ਼ਾਰਾਂ ਦੀ ਗਿਣਤੀ ਵਿਚ ਮਿਲਦੀਆਂ ਹਨ। ਇਹ ਦੋ ਪ੍ਰਕਾਰ ਦੀਆਂ ਹਨ——ਲੰਬੀਆਂ ਤੇ ਇਕ ਲੜੀਆਂ। ਇਕ ਲੜੀਆਂ ਬੋਲੀਆਂ ਨੂੰ ਮਲਵਈ ਟੱਪੇ ਵੀ ਆਖਦੇ ਹਨ। ਇਹ ਮਾਲਵਾ ਖੇਤਰ ਵਿਚ ਵਧੇਰੇ ਪ੍ਰਚਲਤ ਹਨ। ਲੰਬੀ ਬੋਲੀ ਨੂੰ ਅਖਾੜੇ ਵਿਚੋਂ ਨਿਕਲ ਕੇ ਇਕ ਜਣਾ ਲੰਬੀ ਬਾਂਹ ਕਰਕੇ ਉੱਚੀ ਸੁਰ ਵਿਚ ਪਾਉਂਦਾ ਹੈ ਤੇ ਬੋਲੀ ਦੀਆਂ ਅੰਤਲੀਆਂ ਦੋ ਲਾਈਨਾਂ ਜਿਨ੍ਹਾਂ ਨੂੰ ਅੰਤਰਾ ਕਹਿੰਦੇ ਹਨ, ਬਾਕੀ ਦੇ ਗਿੱਧਾ ਪਾਉਣ ਵਾਲ਼ੇ ਚੁੱਕ ਕੇ ਤਾੜੀਆਂ ਦੇ ਤਾਲ ਨਾਲ਼ ਉੱਚੀ ਸੁਰ ਵਿਚ ਗਾਉਂਦੇ ਹਨ। ਇਕ ਲੜੀਆਂ ਬੋਲੀਆਂ ਨੂੰ ਟੱਪੇ ਜਾਂ ਇਕ ਤੁਕੀਆਂ ਬੋਲੀਆਂ ਵੀ ਆਖਦੇ ਹਨ। ਡਾ. ਆਤਮ ਹਮਰਾਹੀ ਅਨੁਸਾਰ: "ਸੰਸਾਰ ਕਾਵਿ ਵਿਚ ਛੋਟੀ ਅਨੂਪਮ ਤੇ ਸੰਪੂਰਨ ਕਵਿਤਾ ਦੇ ਪੰਜ ਰੂਪ ਹਨ——ਗ਼ਜ਼ਲ ਦਾ ਸ਼ਿਅਰ, ਅੰਗਰੇਜ਼ੀ ਦਾ ਕਪਲੈਟ, ਪਿੰਗਲ ਦਾ ਦੋਹਰਾ-ਸੋਰਠਾ, ਮਲਵਈ ਟੱਪੇ ਅਤੇ ਜਾਪਾਨੀ ਹਾਇਕੂ। ਮਲਵਈ ਟੱਪੇ ਆਪਣੀ ਕਾਵਿ-ਸਮੱਗਰੀ ਦੀ ਅਨੂਪਮਤਾ ਕਾਰਨ ਸੰਸਾਰ ਭਰ ਦੀ ਉੱਤਮ ਕਾਵਿ-ਪਾਪਤੀ ਹਨ।"*

ਅਲੰਕਾਰਾਂ, ਉਪਮਾਵਾਂ ਅਤੇ ਨਾਜ਼ਕ ਖ਼ਿਆਲੀ ਨਾਲ ਗਲੇਫੀਆਂ ਗਿੱਧੇ ਦੀਆਂ ਇਹ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਸਰਬੋਤਮ ਰੂਪ ਹਨ, ਜਿਸ ਸਦਕਾ ਇਨ੍ਹਾਂ ਦਾ ਪੰਜਾਬੀ ਲੋਕ ਸਾਹਿਤ ਵਿਚ ਵਿਸ਼ੇਸ਼ ਤੇ ਮਹੱਤਵਪੂਰਨ ਸਥਾਨ ਹੈ। ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਬੋਲੀਆਂ ਕਿਸੇ ਇਕ ਵਿਅਕਤੀ ਵਿਸ਼ੇਸ਼ ਦੀ ਰਚਨਾ ਨਹੀਂ ਹੁੰਦੀਆਂ ਬਲਕਿ ਸਮੂਹਕ ਰੂਪ ਵਿਚ ਪਾਈ ਸਾਂਝੀ ਮਿਹਨਤ ਦਾ ਸਿੱਟਾ ਹਨ ਜਿਸ ਕਰਕੇ ਇਹ

  • ਸੁਖਦੇਵ ਮਾਦਪੁਰੀ, 'ਖੰਡ ਮਿਸ਼ਰੀ ਦੀਆਂ ਡਲ਼ੀਆਂ', ਪੰਨਾ 15.

ਗਾਉਂਦਾ ਪੰਜਾਬ:: 9