ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਿੱਠੀਆਂ ਕਿੱਧਰ ਨੂੰ ਪਾਵਾਂ

ਮਾਪਿਆਂ ਨੇ ਰੱਖੀ ਲਾਡਲੀ
ਅੱਗੋਂ ਸੱਸ ਬਘਿਆੜੀ ਟੱਕਰੀ

ਤੈਨੂੰ ਸੱਸ ਦੇ ਮਰੇ ਤੇ ਪਾਵਾਂ
ਸੁੱਥਣੇ ਸੂਫ਼ ਦੀਏ

ਰਾਂਝਾ ਰੁਲਦੂ ਬੱਕਰੀਆਂ ਚਾਰੇ
ਘਰ ਮੇਰੇ ਜੇਠ ਦੀ ਪੁੱਗੇ

ਰੋਟੀ ਲੈ ਕੇ ਦਿਓਰ ਦੀ ਚੱਲੀ
ਅੱਗੇ ਜੇਠ ਬੱਕਰਾ ਹਲ਼ ਵਾਹੇ

ਮੇਰੀ ਨਣਦ ਚੱਲੀ ਮੁਕਲਾਵੇ
ਪਿੱਪਲੀ ਦੇ ਪੱਤ ਵਰਗੀ

ਨਣਦੇ ਜਾ ਸਹੁਰੇ
ਭਾਵੇਂ ਲੈ ਜਾ ਕੰਨਾਂ ਦੇ ਵਾਲੇ

ਛੋਟਾ ਦਿਓਰ ਭਾਬੀਆਂ ਦਾ ਗਹਿਣਾ
ਪੱਟਾਂ ਵਿਚ ਖੇਡਦਾ ਫਿਰੇ

ਕਾਲ਼ਾ ਦਿਓਰ ਕਜਲੇ ਦੀ ਧਾਰੀ
ਅੱਖੀਆਂ 'ਚ ਪਾ ਰਖਦੀ

ਜੀਵਨ ਦੇ ਹੋਰ ਵੀ ਅਨੇਕਾਂ ਵਿਸ਼ੇ ਹਨ ਜਿਨ੍ਹਾਂ ਬਾਰੇ ਰਸ ਭਰਪੂਰ ਤੇ ਸੁਹਜਮਈ ਬੋਲੀਆਂ ਉਪਲਬਧ ਹਨ:——

ਲੰਮੀ ਦੀ ਕੀ ਥੰਮੀ ਗੱਡਣੀ
ਮੇਰੀ ਪਤਲੋ ਫੁੱਲ ਪਤਾਸਾ

ਕੱਚੀ ਯਾਰੀ ਲੱਡੂਆਂ ਦੀ
ਲੱਡੂ ਮੁਕਗੇ ਯਰਾਨੇ ਟੁੱਟਗੇ

ਤੇਰਾ ਰੂਪ ਝੱਲਿਆ ਨਾ ਜਾਵੇ
ਕੰਨੋਂ ਲਾਹ ਦੇ ਸੋਨ ਚਿੜੀਆਂ

ਰੰਨ ਨ੍ਹਾ ਕੇ ਛੱਪੜ 'ਚੋਂ ਨਿਕਲੀ
ਸੁਲਫ਼ੇ ਦੀ ਲਾਟ ਵਰਗੀ

ਦਿਨ ਚੜ੍ਹਦੇ ਦੀ ਲਾਲੀ
ਰੂਪ ਕੁਆਰੀ ਦਾ

18:: ਗਾਉਂਦਾ ਪੰਜਾਬ