ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਔਖੇ ਲੰਘਣੇ ਘਰਾਂ ਦੇ ਲਾਂਘੇ
ਛੱਡ ਦੇ ਤੂੰ ਵੈਲਦਾਰੀਆਂ

ਘਰ ਘਰ ਪੁੱਤ ਜੰਮਦੇ
ਭਗਤ ਸਿੰਘ ਨੀ ਕਿਸੇ ਬਣ ਜਾਣਾ

ਏਕਾ ਜਨਤਾ ਦਾ
ਲੋਕ ਰਾਜ ਦੀ ਕੁੰਜੀ

ਧਰਤੀ ਜਾਗ ਪਈ
ਪਾਊ ਜਿੱਤ ਲੁਕਾਈ

"ਬੋਲੀਆਂ ਦਾ ਖੂਹ ਭਰ ਦਿਆਂ, ਮੈਥੋਂ ਜੱਗ ਜਿੱਤਿਆ ਨਾ ਜਾਵੇ" ਲੋਕ ਬੋਲੀ ਅਨੁਸਾਰ ਇਹ ਹਜ਼ਾਰਾਂ ਦੀ ਗਿਣਤੀ ਵਿਚ ਮਿਲਦੀਆਂ ਹਨ। ਇਹ ਬੋਲੀਆਂ ਪੰਜਾਬੀਆਂ ਦੀ ਮੁੱਲਵਾਨ ਵਿਰਾਸਤ ਦਾ ਅਨਿੱਖੜਵਾਂ ਅੰਗ ਹਨ।

ਪੰਜਾਬੀ ਲੋਕ ਧਾਰਾ ਵਿਚ ਦਿਲਚਸਪੀ ਰੱਖਣ ਵਾਲੇ ਪਾਠਕ ਭਲੀ ਪ੍ਰਕਾਰ ਜਾਣਦੇ ਹਨ ਕਿ ਨਿਰੋਲ ਇਕ ਲੜੀਆਂ ਬੋਲੀਆਂ/ਮਲਵਈ ਟੱਪਿਆਂ ਦਾ ਮੇਰਾ ਪਹਿਲਾ ਲੋਕ ਗੀਤ ਸੰਗ੍ਰਹਿ 'ਗਾਉਂਦਾ ਪੰਜਾਬ' 1959 ਵਿਚ ਪ੍ਰਕਾਸ਼ਿਤ ਹੋਇਆ ਸੀ ਜਿਸ ਵਿਚ 1011 ਇਕ ਤੁਕੀਆਂ ਬੋਲੀਆਂ ਸੰਗ੍ਰਹਿਤ ਸਨ। ਪੰਜਾਬੀ ਸਾਹਿਤ ਵਿਚ ਇਹ ਆਪਣੀ ਕਿਸਮ ਦਾ ਪਹਿਲਾ ਉਪਰਾਲਾ ਸੀ, ਜਿਸ ਦਾ ਸਾਹਿਤ ਪ੍ਰੇਮੀਆਂ ਵੱਲੋਂ ਭਰਪੂਰ ਸੁਆਗਤ ਕੀਤਾ ਗਿਆ ਜਿਸ ਤੋਂ ਉਤਸ਼ਾਹਿਤ ਹੋ ਕੇ ਮੈਂ ਖੇਤਰ ਵਿਚੋਂ ਅਲੋਪ ਹੋ ਰਹੇ ਲੋਕ ਗੀਤਾਂ ਨੂੰ ਇਕੱਤਰ ਕਰਕੇ ਸੰਭਾਲਣਾ ਹੀ ਆਪਣਾ ਜੀਵਨ ਲਖ਼ਸ਼ ਬਣਾ ਲਿਆ। ਹੁਣ ਤਕ ਇਸੇ ਡਗਰ ਤੇ ਕਾਰਜਸ਼ੀਲ ਹਾਂ ਅਤੇ ਪੰਜਾਬੀ ਲੋਕ ਗੀਤਾਂ ਦੇ ਭਿੰਨ-ਭਿੰਨ ਗੀਤਰੂਪਾਂ ਦੇ ਅੱਠ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ।

ਮੈਂ ਲੋਕ ਸਭਿਆਚਾਰ ਦੇ ਸੁਹਿਰਦ ਪਾਠਕ ਅਤੇ ਪ੍ਰੇਮੀ ਹਰੀਸ਼ ਜੈਨ ਹੁਰਾਂ ਦਾ ਦਿਲੀ ਤੌਰ 'ਤੇ ਧੰਨਵਾਦੀ ਹਾਂ ਜਿਨ੍ਹਾਂ ਦੀ ਪ੍ਰੇਰਨਾ ਅਤੇ ਉਤਸ਼ਾਹ ਸਦਕਾ ਆਪਣੀ ਪਲੇਠੀ ਲੋਕ ਗੀਤਾਂ ਦੀ ਪੁਸਤਕ 'ਗਾਉਂਦਾ ਪੰਜਾਬ' ਨੂੰ ਨਵੇਂ ਸਿਰਿਉਂ ਨਵੇਂ ਰੂਪ ਵਿਚ ਪਾਠਕਾਂ ਦੇ ਸਨਮੁਖ ਕਰਨ ਦੀ ਖੁਸ਼ੀ ਲੈ ਰਿਹਾ ਹਾਂ। ਇਸ ਸੰਗ੍ਰਹਿ ਵਿਚ 1300 ਤੋਂ ਵੱਧ ਬੋਲੀਆਂ/ਟੱਪੇ ਸ਼ਾਮਲ ਕੀਤੇ ਗਏ ਹਨ।

ਮੈਨੂੰ ਆਸ ਹੈ ਲੋਕ ਧਾਰਾ ਅਤੇ ਲੋਕ ਸਭਿਆਚਾਰ ਦੇ ਵਿਦਵਾਨ ਅਤੇ ਖੋਜਾਰਥੀ ਜਿਥੇ ਇਸ ਪੁਸਤਕ ਦਾ ਲੋਕਧਾਰਾਈ ਦ੍ਰਿਸ਼ਟੀ ਤੋਂ ਅਧਿਐਨ ਕਰਨਗੇ ਓਥੇ ਇਹ ਆਮ ਪਾਠਕਾਂ ਨੂੰ ਵੀ ਆਪਣੀ ਮੁੱਲਵਾਨ ਵਿਰਾਸਤ ਨਾਲ ਜੋੜੇਗੀ ਅਤੇ ਇਸ ਦਾ ਪਾਠ ਉਨ੍ਹਾਂ ਨੂੰ ਸੁਹਜ-ਆਤਮਕ ਆਨੰਦ ਵੀ ਪ੍ਰਦਾਨ ਕਰੇਗਾ।

ਅਗਸਤ 2, 2013

ਸੁਖਦੇਵ ਮਾਦਪੁਰੀ
ਸਮਾਧੀ ਰੋਡ, ਖੰਨਾ
ਜ਼ਿਲਾ ਲੁਧਿਆਣਾ-141401

20:: ਗਾਉਂਦਾ ਪੰਜਾਬ