ਪੰਨਾ:ਗੀਤਾਂਜਲੀ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੫੨ਵੀਂ ਕੂੰਜ

ਮੈਂ ਸੋਚਿਆ ਸੀ ਕਿ ਗੁਲਾਬ ਦੇ ਫੁਲਾਂ ਦਾ ਹਾਰ ਜੋ ਤੇਰੇ ਗਲੇ ਵਿਚ ਹੈ, ਮੈਂ ਤੇਰੇ ਕੋਲੋਂ ਮੰਗ ਲਵਾਂਗਾ, ਪਰ ਮੈਨੂੰ ਹੌਸਲਾ ਨਹੀਂ ਪਿਆ, ਮੈਂ ਸਵੇਰ ਤੱਕ ਇਸ ਆਸ਼ਾ ਵਿਚ ਬੈਠਾ ਰਿਹਾ ਹਾਂ ਕਿ ਜਦੋਂ ਤੂੰ ਚਲਿਆ ਜਾਵੇਂਗਾ, ਤੇਰੀ ਸੇਜਾ ਤੋਂ ਇਕ ਦੋ ਫੁਲ ਮਿਲ ਜਾਣਗੇ। ਇਕ ਭਿਖਾਰੀ ਵਾਂਗ ਮੈਂ ਬਹੁਤ ਕੁਝ ਸੋਚਿਆ ਪਰ ਸਵੇਰੇ ਜਦੋਂ ਢੂੰਡਿਆ ਤਾਂ ਮੁਰਝਾਈਆਂ ਪੰਖੜੀਆਂ ਤੋਂ ਬਿਨਾਂ ਕੁਝ ਨ ਲਭਾ।

ਉਇ ਰਬਾ, ਇਹ ਮੈਂ ਕੀ ਵੇਖ ਰਿਹਾ ਹਾਂ! ਤੂੰ ਇਹ ਕਿਹੋ ਜਹੀ ਪ੍ਰੇਮ ਨਿਸ਼ਾਨੀ ਛਡ ਗਿਆ ਏਂ! ਉਥੇ ਨ ਕੋਈ ਟਹਿਕਦਾ ਫੁਲ ਹੈ ਤੇ ਨ ਫੂਲ ਦਾਨ; ਇਹ ਤਾਂ ਤੇਰੀ ਭਿਆਨਕ ਤਲਵਾਰ ਹੈ, ਜੋ ਜੁਵਾਲਾ ਮੁਖੀ ਵਾਂਗ ਮਘ ਰਹੀ ਹੈ ਅਤੇ ਇੰਦਰ ਧਨੁੱਖ ਵਾਂਗ ਭਾਰੀ ਹੈ। ਪ੍ਰਭਾਤ ਦੀ ਨਵੀਂ ਸੁੰਦਰਤਾ ਦੇ ਝਰੋਖੇ ਰਾਹੀਂ ਆਉਂਦੀ ਹੈ, ਤੇ ਤੇਰੀ ਨਿਸਲ ਹੋ ਕੇ ਸੌਂ ਜਾਂਦੀ ਹੈ।

ਪ੍ਰਭਾਤ ਵੇਲੇ ਪੰਛੀ ਕਲੋਲ ਕਰਦੇ ਹਨ, ਮੈਨੂੰ ਪੁਛਦੇ ਹਨ, “ਤੈਨੂੰ ਕੀ ਮਿਲਿਆ ਏ, ਨ ਇਹ ਫਲ ਹੈ, ਨ ਫੂਲਦਾਨ, ਇਹ ਤਾਂ ਡਰਾਉਣੀ ਤਲਵਾਰ ਹੈ।

ਮੈਂ ਬੈਠ ਜਾਂਦਾ ਹਾਂ ਤੇ ਹੈਰਾਨ ਹੋ ਕੇ ਸੋਚਦਾ ਹਾਂ, ਇਹ ਤੇਰਾ ਕਿਸਤਰਾਂ ਦਾ ਦਾਨ ਹੈ ? ਮੈਨੂੰ ਅਜੇਹੀ ਕੋਈ ਥਾਂ ਨਹੀਂ ਲਭਦੀ ਜਿਥੇ ਤੇਰੇ ਦਾਨ ਨੂੰ ਲੁਕਾ ਸੱਕਾਂ। ਮੈਂ ਕਮਜ਼ੋਰ ਹਾਂ, ਤੇ ਇਸ ਨੂੰ ਪਹਿਨਣ ਵੇਲੇ ਸ਼ਰਮਾਂਦਾ ਹਾਂ। ਜਦੋਂ ਮੈਂ ਇਸ ਨੂੰ ਆਪਣੇ ਕਾਲਜੇ ਨਾਲ ਲਾਉਂਦਾ ਹਾਂ, ਮੇਰੇ ਕਲੇਜੇ ਵਿਚ ਕਰਕ ਵਜਦੀ ਹੈ। ਇਹ ਹੁੰਦਿਆਂ ਭੀ ਤੇਰੇ ਦਰਦਾਂ ਦੇ ਦਿਤੇ ਮਾਣ ਨੂੰ—ਤੇਰੇ ਦਾਨ ਨੂੰ-ਮੈਂ ਆਪਣੇ ਦਿਲ ਵਿਚ ਰਖਾਂਗਾ।

੭੧