ਪੰਨਾ:ਗੀਤਾਂਜਲੀ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੫੫ਵੀਂ ਕੂੰਜ

ਤੇਰੇ ਦਿਲ ਤੇ ਆਲਸ ਦਾ ਕਬਜਾ ਹੈ, ਤੇਰੇ ਨੈਣਾਂ ਵਿਚ ਨੀਂਦਰ ਖੁਸ਼ਕ ਚਿੱਟਾ ਬਿਸਤਰਾ ਵਿਛਾ ਕੇ ਸੌਣ ਦੀ ਤਿਆਰੀ ਵਿਚ ਹੈ।

ਕੀ ਇਹ ਸੁਨੇਹਾ ਤੇਰੇ ਪਾਸ ਨਹੀਂ ਆਇਆ ਕਿ ਫੂਲ ਮੌਜਾਂ ਨਾਲ ਕੰਡਿਆਂ ਤੇ ਰਾਜ ਕਰ ਰਿਹਾ ਹੈ, ਉ ਜਾਗਣ ਵਾਲਿਆ, ਜਾਗ! ਸਮੇਂ ਨੂੰ ਨਿਸਫਲ ਨ ਜਾਣ ਦੇਹ!

ਪਥਰੀਲੇ ਰਾਹ ਦੇ ਅੰਤ ਵਿਚ, ਅਣਡਿਠੇ ਅਣ ਸੋਚੇ ਦੇਸ਼ ਵਿਚ ਮੇਰਾ ਮਿੱਤ੍ਰ ਇਕੱਲਾ ਬੈਠਾ ਹੋਇਆ ਹੈ, ਉਸ ਨੂੰ ਧੋਖਾ ਨ ਦੇਹ, ਉਹ ਜਾਗਣ ਵਾਲਿਆ, ਜਾਗ!

ਜੇ ਤਿਖੜ ਦੁਪਹਿਰ ਦੀ ਗਰਮੀ ਨਾਲ ਅਕਾਸ਼ ਕੰਬੇ, ਜਾਂ ਵਾਯੂ ਮੰਡਲ ਪਸ਼ੂਆਂ ਵਾਂਗ ਜ਼ਬਾਨ ਕਢ ਕੇ ਹੌਂਕੇ, ਕੇਹੜੀ ਗਲ ਹੈ? ਜੇ ਤਪੀ ਹੋਈ ਥਲਾਂ ਦੀ ਰੇਤ ਆਪਣੇ ਪਿਆਸ ਦੇ ਪਲੇ ਨੂੰ ਖੰਭਾਂ ਵਾਂਗ ਫੈਲਾ ਦੇ ਦੇਵੇ, ਤਾਂ ਕੀ ਹੋ ਜਾਵੇਗਾ?

ਕੀ ਤੇਰੇ ਹਿਰਦੇ ਵਿਚ ਅਨੰਦ ਨਹੀਂ ਹੈ? ਕੀ ਤੇਰੇ ਇਕ ਇਕ ਪੈਰ ਪੁਟਣ ਤੇ ਰਾਹਾਂ ਦੀ ਵੀਣਾ, ਪੀੜਾਂ ਦੀਆਂ ਮਿਠੀਆਂ ਸੁਰਾਂ ਵਿਚ ਗੂੰਜ ਗੂੰਜ ਨ ਉਠੇਗੀ?

੭੬