ਪੰਨਾ:ਗੀਤਾਂਜਲੀ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੫੭ਵੀਂ ਕੂੰਜ

ਹੇ ਚਾਨਣ, ਮੇਰੇ ਚਾਨਣ, ਬ੍ਰਹਿਮੰਡ ਨੂੰ ਪ੍ਰਕਾਸ਼ਤ ਕਰਨ ਵਾਲੇ ਪ੍ਰਕਾਸ਼, ਨੈਣਾਂ ਨੂੰ ਚੁੰਮਣ ਵਾਲੇ ਚਾਨਣ, ਹਿਰਦੇ ਨੂੰ ਮਿਠਾ ਕਰਨ ਵਾਲੀਉ ਪ੍ਰਕਾਸ਼ ਕਿਰਨੋਂ, ਐ ਮੇਰੇ ਪਿਆਰੇ, ਪ੍ਰਕਾਸ਼ ਮੇਰੇ ਜੀਵਨ ਕੇਂਦਰ ਤੇ ਨਚ ਰਿਹਾ ਹੈ, ਪ੍ਰਕਾਸ਼ ਮੇਰੇ ਪ੍ਰੇਮ ਦੀ ਵੀਣਾ ਵਜਾ ਰਿਹਾ ਹੈ, ਪ੍ਰਕਾਸ਼ ਨਾਲ ਅਕਾਸ਼ ਵਿਚ ਜੀਵਨ ਰੌਂਆਂ ਜਾਗਦੀਆਂ ਹਨ। ਜਦ ਹਵਾ ਮਸਤੀ ਨਾਲ ਵਗਦੀ ਹੈ, ਤਾਂ ਸਾਰੀ ਧਰਤੀ ਹਸਦੀ ਹੈ, ਪ੍ਰਕਾਸ਼ ਦੇ ਸਾਗਰ ਵਿਚ ਤਿਤਲੀਆਂ ਖੰਭ ਖਿਲਾਰਦੀਆਂ ਹਨ, ਪ੍ਰਕਾਸ਼ ਦੀਆਂ ਲਹਿਰਾਂ ਦੇ ਸਿਖਰ ਉਤੇ ਸੰਦੂਤਾ ਦੀਆਂ ਵੇਲਾਂ ਝੂੰਮਦੀਆਂ ਹਨ, ਹੇ ਮੇਰੇ ਪਿਆਰੇ, ਪ੍ਰਕਾਸ਼ ਦੀਆਂ ਕਿਰਨਾਂ ਬਦਲਾਂ ਤੇ ਪੈ ਕੇ ਸੋਨਾ ਬਣ ਚਮਕ ਉਠਦੀਆਂ ਹਨ। ਹਜ਼ਾਰਾਂ ਮੋਤੀ ਮਣੀਆਂ ਨੂੰ ਅਕਾਸ਼ ਵਿਚ ਖਿੰਡਾਉਂਦੀਆਂ ਹਨ। ਐ ਮੇਰੇ ਪਿਆਰੇ, ਪੱਤੇ ਪੱਤੇ ਤੇ ਅਨੰਤ ਉਮੰਗਾਂ ਫੈਲ ਰਹੀਆਂ ਹਨ, ਦੇਵ-ਨਦੀ ਨੇ ਆਪਣੇ ਕੰਢਿਆਂ ਦੇ ਬੁਲਾਂ ਨੂੰ ਢੱਕ ਲਿਆ ਹੈ, ਅਨੰਦ ਦਾ ਸਿਰ ਉੱਚਾ ਕਰ ਕੇ ਆ ਰਿਹਾ ਹੈ।

੭੮