ਪੰਨਾ:ਗੀਤਾਂਜਲੀ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੫੯ਵੀਂ ਕੂੰਜ

ਹੇ ਮੇਰੇ ਪ੍ਰੀਤਮ, ਮੈਂ ਜਾਣਦਾ ਹਾਂ; ਜੋ ਸੁਨਹਿਰੀ ਚਾਨਣ ਜੋ ਪਤੀ ਪਤੀ ਤੇ ਨੱਚ ਰਿਹਾ ਹੈ, ਇਹ ਦਿਲਦਰੀ ਬਦਲ ਜੋ ਅਕਾਸ਼ ਵਿਚ ਇਧਰ ਉਧਰ ਸ਼ਰਾਬੀਆਂ ਵਾਂਗ ਫਿਰਦੇ ਹਨ, ਪ੍ਰਭਾਤ ਦੀ ਸਹਿਜੇ ਸਹਿਜੇ ਚਲਣ ਵਾਲੀ ਠੰਢੀ ਹਵਾ ਮੇਰੇ ਮਥੇ ਨੂੰ ਠੰਢਿਆਉਂਦੀ ਜਾਂਦੀ ਹੈ-ਇਹ ਸਭ ਕੁਝ ਤੇਰਾ ਪ੍ਰੇਮ ਹੀ ਤਾਂ ਹੈ।

ਸਵੇਰ ਦੇ ਚਾਨਣ ਨੇ ਮੇਰੇ ਨੈਣ ਕਮਲਾਂ ਨੂੰ ਖਿੜਾ ਦਿਤਾ ਹੈ, ਮੇਰੇ ਹਿਰਦੇ ਲਈ ਏਹੋ ਤੇਰਾ ਕਾਫੀ ਸੁਨੇਹਾ ਹੈ, ਉਪਰੋਂ ਤੂੰ ਆਪਣਾ ਮੂੰਹ ਮੇਰੀ ਵਲ ਕਰ ਕੇ ਵੇਖ ਰਿਹਾ ਏਂ, ਤੇਰੇ ਨੈਣਾਂ ਦੀ ਤੱਕਣੀ ਮੇਰੀਆਂ ਅੱਖਾਂ ਵਿਚ ਹੈ ਤੇ ਮੇਰੇ ਹਿਰਦੇ ਨੇ ਤੇਰੇ ਚਰਨਾਂ ਨੂੰ ਛੂਹ ਲਿਆ ਹੈ।

੮੦