ਪੰਨਾ:ਗੀਤਾਂਜਲੀ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗੀਤਾਂਜਲੀ

੬੧ਵੀਂ ਕੂੰਜ

ਕੀ ਕੋਈ ਜਾਣਦਾ ਹੈ ਕਿ ਬੱਚੇ ਦੀਆਂ ਅੱਖਾਂ ਵਿਚ ਜੋ ਨੀਂਦਰ ਆਉਂਦੀ ਹੈ—ਉਹ ਕਿਥੋਂ ਆਉਂਦੀ ਹੈ? ਹਾਂ, ਲੋਕਾਂ ਦੇ ਦਿਲਾਂ ਦੀ ਤਵਾਰੀਖ ਵਿਚ ਇਹ ਗਲ ਪ੍ਰਸਿਧ ਹੈ ਕਿ ਉਸ ਦਾ ਨਿਵਾਸ ਅਸਥਾਨ ਜੰਗਲ ਦੀ ਸੰਘਣੀ ਛਾਂ ਹੇਠ ਇਕ ਸੁੰਦਰ ਨਗਰੀ ਵਿਚ ਹੈ, ਜਿਥੇ ਟਟਹਿਣਿਆਂ ਦਾ ਮਧਮ ਮਧਮ ਚਾਨਣ ਹੁੰਦਾ ਹੈ, ਜਿਥੇ ਦੋ ਮਨਮੋਹਣੀਆਂ ਕੁਵਾਰੀਆਂ ਕਲੀਆਂ ਟਹਿਣ ਦੀ ਪੀਂਘ ਤੇ ਝੂਟਦੀਆਂ ਹਨ, ਬਸ, ਏਸੇ ਰਮਣੀਕ ਥਾਂ ਤੋਂ ਉਹ ਬੱਚੇ ਦੀਆਂ ਅੱਖਾਂ ਚੁੰਮਣ ਲਈ ਆਉਂਦੀਆਂ ਹਨ।

ਕੀ ਕੋਈ ਜਾਣਦਾ ਹੈ ਕਿ ਸੁਤੇ ਹੋਏ ਬੱਚੇ ਦੇ ਬੁਲਾਂ ਤੇ ਜੋ ਮੁਸਕ਼ਾਹਟ ਖੇਡਦੀ ਹੈ ਉਸ ਦੀ ਜਨਮ ਭੂਮੀ ਕੇਹੜੀ ਹੈ? ਹਾਂ, ਲੋਕਾਂ ਦੇ ਦਿਲਾਂ ਦੀ ਤਵਾਰੀਖ ਵਿਚ ਇਹ ਗਲ ਪ੍ਰਸਿਧ ਹੈ ਕਿ ਬਾਲਕ ਚੰਦ ਦੀ ਇਕ ਪੀਲੀ ਕਿਰਨ ਕਿਸੇ ਠੰਢੇ ਬਦਲ ਦੀ ਕੰਨੀ ਨਾਲ ਛੁਹ ਗਈ ਅਤੇ ਇਸਤਰਾਂ ਉਥੇ ਤੇਲ ਵਾਂਗ ਧੋਤੀ ਪ੍ਰਭਾਤ ਤੇ ਸੁਪਨੇ ਵਿਚ ਸਭ ਤੋਂ ਪਹਿਲਾਂ ਮਸਜ਼ਾਹਟ ਦਾ ਜਨਮ ਹੋਇਆ।

ਕੀ ਕੋਈ ਜਾਣਦਾ ਹੈ ਕਿ ਮਿਠਾਸ ਕੋਮਲਤਾ ਤੇ ਤਾਜ਼ਗੀ ਜੋ ਬੱਚੇ ਦੇ ਅੰਗਾਂ ਵਿਚ ਖਿੜਦੀ ਹੈ, ਏਨੇ ਦਿਨਾਂ ਤੋਂ ਕਿਥੇ ਲੁਕੀ ਹੋਈ ਸੀ? ਹਾਂ, ਜਦੋਂ ਮਾਂ ਬਚਪਨ ਦੀ ਪੌੜੀ ਦੇ ਡੰਡੇ ਚੜ੍ਹ ਰਹੀ ਸੀ ਤਾਂ ਏਹੋ ਮਿਠਾਸ ਤਾਜ਼ਗੀ ਤੇ ਭੇਤ ਭਰੀ ਕੋਮਲਤਾ ਪ੍ਰੇਮ ਦੇ ਰੂਪ ਵਿਚ ਮਾਂ ਦੇ ਦਿਲ ਵਿਚ ਧੜਕਦੀ ਸੀ-ਬੱਚੇ ਦੀਆਂ ਉਲਾਘਾਂ ਵਾਂਗ।

੮੩