ਪੰਨਾ:ਗੀਤਾਂਜਲੀ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੬੨ਵੀਂ ਕੂੰਜ

ਹੇ ਬਾਲਕ, ਜਦ ਮੈਂ ਤੇਰੇ ਲਈ ਰੰਗ ਬਰੰਗੇ ਖਿਡਾਉਣੇ ਲਿਆਉਂਦਾ ਹਾਂ ਤਾਂ ਮੈਨੂੰ ਜਾਪਦਾ ਹੈ, ਬਦਲ ਇੰਨੇ ਰੰਗ ਬਰੰਗੇ ਕਿਉਂ ਹਨ, ਪਾਣੀ ਦੀਆਂ ਲਹਿਰਾਂ ਵਿਚ ਤੇ ਝਰਨਿਆਂ ਵਿਚ ਅਨੇਕਾਂ ਰੰਗਾਂ ਦੀਆਂ ਲੀਕਾਂ ਕਿਉਂ ਦਿਸਦੀਆਂ ਹਨ, ਫੁਲ ਤੇ ਪੱਤਿਆਂ ਤੇ ਇਤਨੀ ਚਿਕਾਰੀ ਕਿਉਂ ਹੈ?

ਹੇ ਬਾਲਕ, ਜਦੋਂ ਗੀਤ ਗਾ ਕੇ ਤੈਨੂੰ ਨਚਾਉਂਦਾ ਹਾਂ ਤਾਂ ਮੈਂ ਠੀਕ ਰੂਪ ਵਿਚ ਜਾਣ ਜਾਂਦਾ ਹਾਂ ਜੋ ਬਨ ਦੀਆਂ ਪੱਤੀਆਂ ਵਿਚ ਏਨਾਂ ਰਾਗ ਕਿਉਂ ਹੈ ਤੇ ਪੱਤਿਆਂ ਵਿਚ ਏਨਾਂ ਗਿੱਧਾ ਕਿਉਂ ਹੈ। ਸੰਸਾਰ ਦੇ ਰਸਕ ਸੁਣਨ ਵਾਲਿਆਂ ਦੇ ਦਿਲ ਵਿਚ, ਸਾਗਰ ਦੀਆਂ ਲਹਿਰਾਂ ਨਾਲ ਅਨੇਕਾਂ ਮਿਠੀਆਂ ਸਰਾਂ ਅਤੇ ਅਨੇਕਾਂ ਰਾਗਨੀਆਂ ਭਰੇ ਗੀਤ ਕਿਉਂ ਨਿਕਲਦੇ ਹਨ।

ਹੇ ਬੱਚੇ ਜਦ ਮੈਂ ਤੇਰੇ ਚੰਚਲ ਤੇ ਵਧੇ ਹਥ ਵਿਚ ਮਿਠਿਆਈ ਦੇਂਦਾ ਹਾਂ ਤਾਂ ਮੈਂ ਸਮਝਦਾ ਹਾਂ ਕਿ ਫੁਲਾਂ ਦੇ ਪਿਆਲੇ ਵਿਚ ਮਾਖਿਉਂ ਕਿਉਂ ਹੈ ਅਤੇ ਫਲਾਂ ਵਿਚ ਮਿਠਾ ਰਸ ਗੁਪਤ ਢੰਗ ਨਾਲ ਕਿਉਂ ਭਰਿਆ ਗਿਆ ਹੈ।

ਹੇ ਬਾਲਕ, ਜਦ ਮੈਂ ਤੈਨੂੰ ਹਸਾਉਣ ਲਈ ਤੇਰਾ ਮੂੰਹ ਚੁੰਮਦਾ ਹਾਂ, ਮੈਂ ਅਛੀ ਤਰਾਂ ਸਮਝ ਜਾਂਦਾ ਹਾਂ ਕਿ ਉਹ ਕੇਹੜਾ ਮੂੰਹ ਹੈ ਜੋ ਅਕਾਸ਼ ਤੋਂ ਪ੍ਰਭਾਤ ਦੇ ਚਾਨਣ ਵਿਚ ਨਦੀ ਵਾਂਗ ਵਗਦਾ ਹੈ ਅਤੇ ਉਹ ਕੇਹੜਾ ਅਨੰਦ ਹੈ ਜਿਸ ਨੂੰ ਬਸੰਤ ਦੀ ਸੀਤਲ ਸੁਗੰਧੀ ਭਰੀ ਹਵਾ ਮੇਰੇ ਸਰੀਰ ਵਿਚ ਪੈਦਾ ਕਰਦੀ ਹੈ।

੮੪