ਪੰਨਾ:ਗੀਤਾਂਜਲੀ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੬੩ਵੀਂ ਕੂੰਜ

ਤੂੰ ਮੇਰੀ ਜਾਣ ਪਛਾਣ ਉਨ੍ਹਾਂ ਮਿੱਤ੍ਰਾਂ ਨਾਲ ਕਰਾਈ ਹੈ, ਜਿਨ੍ਹਾਂ ਮੈਂ ਉਕਾ ਨਹੀਂ ਜਾਣਦਾ, ਤੂੰ ਮੈਨੂੰ ਉਨ੍ਹਾਂ ਘਰਾਂ ਵਿਚ ਬੈਠਾਇਆ ਹੈ; ਮੈਂ ਮੇਰੇ ਨਹੀਂ ਸਨ। ਤੂੰ ਦੂਰੀਆਂ ਨੇੜੇ ਕਰ ਦਿਤੀਆਂ ਹਨ ਤੇ ਬਗਾਨੇ ਅੰਗ ਸਾਕ ਬਣਾ ਦਿਤੇ ਹਨ।

ਜਦੋਂ ਮੈਨੂੰ ਆਪਣੇ ਪੁਰਾਣੇ ਘਰ ਨੂੰ ਛਡਣਾ ਪੈਂਦਾ ਹੈ, ਦਿਲ ਬੜਾ ਬੇ-ਚੈਨ ਹੋ ਜਾਂਦਾ ਹੈ, ਮੈਂ ਭੁਲ ਜਾਂਦਾ ਹਾਂ ਕਿ ਨਵੀਨਤਾ ਵਿਚ ਪੁਰਾਤਨਤਾ ਫੁਟ ਫੁਟ ਪੈਂਦੀ ਹੈ ਤੇ ਉਥੇ ਤੂੰ ਭੀ ਦਿਸਦਾ ਏਂ।

ਹੇ ਮੇਰੇ ਅਨੰਤ ਜੀਵਨ ਦੇ ਇਕੋ ਇਕ ਸਾਥੀ, ਇਸ ਲੋਕ ਵਿਚ ਜਾਂ ਪ੍ਰਲੋਕ ਵਿਚ, ਜੀਵਨ ਮੌਤ ਰਾਹੀਂ ਜਿਥੇ ਕਿਤੇ ਵੀ ਮੈਨੂੰ ਲੈ ਜਾਂਦਾ ਏਂ, ਉਥੇ ਤੂੰ ਅਨੰਦ ਦੇ ਮਿਠੇ ਬੰਧਨਾਂ ਵਿਚ ਅਣ ਡਿਠੇ ਤੇ ਅਣ ਜਾਣਿਆਂ ਨਾਲ ਹਨ ਕੇ ਇਕ ਕਰ ਦੇਂਦਾ ਏ।

ਜਦੋਂ ਮਨੁਖ ਤੈਨੂੰ ਜਾਣ ਜਾਂਦਾ ਹੈ ਤਾਂ ਉਸ ਲਈ ਕੋਈ ਓਪਰਾ ਤੇ ਬਿਗਾਨਾ ਨਹੀਂ ਰਹਿੰਦਾ, ਤਦ ਉਸ ਲਈ ਸਾਰੇ ਰਾਹ ਮੋਕਲੇ ਹੋ ਜਾਂਦੇ ਹਨ। ਹੇ ਪ੍ਰਭੂ, ਮੈਨੂੰ ਇਹ ਵਰ ਦੇਹ ਜੋ ਮੈਂ ਅਨੇਕਤਾ ਵਿਚੋਂ ਏਕਤਾ ਦੇ ਅਨੁਭਵ-ਅਨੰਦ ਤੋਂ ਵਾਂਜਿਆ ਨ ਰਵਾਂ।

੮੫