ਪੰਨਾ:ਗੀਤਾਂਜਲੀ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੬੬ਵੀਂ ਕੂੰਜ

ਉਹ, ਜੋ ਸੰਧਿਆ ਦੇ ਪ੍ਰਛਾਵੇਂ ਵਿਚ ਮੇਰੀ ਆਤਮਾਂ ਦੇ ਦੂਰ ਅੰਦਰ ਪ੍ਰਦੇਸ ਵਿਚ ਪ੍ਰਗਟ ਦਿਸਦੀ ਹੈ, ਉਹ, ਜਿਸਨੇ ਪ੍ਰਭਾਤ ਵੇਲੇ ਆਪਣਾ ਘੁੰਡ ਨਹੀਂ ਚੁਕਿਆ, ਹੇ ਮੇਰੇ ਈਸ਼੍ਵਰ, ਉਸਨੂੰ ਮੈਂ ਆਪਣੇ ਅੰਤਮ ਗੀਤ ਦੇ ਰਾਹੀਂ ਅੰਤ ਵਿਚ ਤੇਰੀ ਭੇਟ ਕਰਾਂਗਾ।

ਬੋਲੀ ਨੇ ਉਸਨੂੰ ਵਸ ਕਰਨਾ ਚਾਹਿਆ ਪਰ ਉਹ ਵਸ ਨ ਕਰ ਸਕੀ, ਲੋਕਾਂ ਨੇ ਉਸਨੂੰ ਉਤਸ਼ਕਤਾ ਅਤੇ ਉਤਸ਼ਾਹ ਨਾਲ ਸਮਝਾਉਣ ਅਤੇ ਮਨਾਉਣ ਦਾ ਯਤਨ ਕੀਤਾ ਪਰ ਸਫਲ ਨਾ ਹੋ ਸਕੇ। ਮੈਂ ਉਸਨੂੰ ਆਪਣੇ ਦਿਲ ਵਿਚ ਜੱਕੜ ਕੇ ਦੇਸ ਪ੍ਰਦੇਸ ਫਿਰਿਆ ਅਤੇ ਉਹੋ ਮੇਰੇ ਜੀਵਨ ਦੀ ਉਨਤੀ ਅਵਨਤੀ ਦਾ ਕੇਂਦਰ ਬਣੀਂ ਰਹੀ।

ਮੇਰੇ ਵਿਚਾਰਾਂ ਤੇ ਕੰਮਾਂ, ਮੇਰੀਆਂ ਨੀਂਦਰਾਂ ਤੇ ਸੁਪਨਿਆਂ ਦੇ ਉਪਰ ਉਸਨੇ ਰਾਜ ਕੀਤਾ ਹੈ, ਪਰ ਉਹ ਇਕੱਲੀ ਅਤੇ ਅੱਡਰੀ ਰਹੀ ਹੈ।

ਬਹੁਤ ਲੋਕਾਂ ਨੇ ਮੇਰੇ ਦਰਵਾਜ਼ਿਆਂ ਨੂੰ ਖਟ ਖਟਾਇਆ, ਉਸਦੇ ਸਬੰਧੀਆਂ ਨੇ ਕਈ ਤਰਾਂ ਪੁੱਛ ਗਿੱਛ ਕੀਤੀ, ਅਤੇ ਨਿਰਾਸ ਹੋ ਕੇ ਚਲੇ ਗਏ। ਇਸ ਸੰਸਾਰ ਵਿਚ ਐਸਾ ਕੋਈ ਨਹੀਂ ਹੈ, ਜਿਸਨੇ ਉਸਦਾ ਚੁਲੇ ਸਾਹਮਣੇ ਬਹਿ ਕੇ ਦਰਸ਼ਨ ਕੀਤਾ ਹੋਵੇ, ਉਹ ਮੇਰੀ ਪ੍ਰਵਾਨਗੀ ਦੀ ਉਡੀਕ ਕਰਦੀ ਹੋਈ ਇਕਾਂਤ ਵਿਚ ਬੈਠੀ ਹੈ।

੮੯