ਪੰਨਾ:ਗੀਤਾਂਜਲੀ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੪੨ਵੀਂ ਕੂੰਜ

ਤੇਰੀ ਮਾਇਆ ਐਸੀ ਹੈ ਕਿ ਮੈਂ ਆਪਣੇ ਤੇ ਅਭਿਮਾਨ ਕਰਦਾ ਹਾਂ ਅਤੇ ਅਭਿਮਾਨ ਨੂੰ ਸਭ ਪਾਸੀਂ ਲਈ ਫਿਰਦਾ ਹਾਂ ਇਸਤਰਾਂ ਤੇਰੇ ਪ੍ਰਛਾਵਿਆਂ ਤੇ ਰੰਗ ਬਰੰਗੀ ਛਾਂ ਸੁਟਦਾ ਫਿਰਦਾ ਹਾਂ।

ਤੂੰ ਪਹਿਲੋਂ ਆਪਣੇ ਕਿਣਕੇ ਕਿਣਕੇ ਕਰਦਾ ਏਂ ਅਤੇ ਫਿਰ ਆਪਣੀ ਵਿਛੜੀ ਆਤਮਾਂ ਨੂੰ ਅਸੰਖ ਨਾਵਾਂ ਨਾਲ ਵਾਜਾਂ ਮਾਰਦਾ ਏਂ, ਤੇਰੀ ਅੱਡਰੀ ਆਤਮਾ ਮੇਰੇ ਸਰੀਰ ਦੇ ਰੂਪ ਵਿਚ ਪ੍ਰਗਟ ਹੋਈ ਹੈ । ਤੇਰੇ ਦਿਲ ਤੇ ਲਗਣ ਵਾਲੇ ਗੀਤਾਂ ਦੀ ਗੂੰਜ ਅਨੇਕ ਪ੍ਰਕਾਰ ਦੇ ਹੰਝੂਆਂ ਮੁਸਕਾਨਾਂ, ਡਰ ਅਤੇ ਆਸ਼ਾਂ ਦੇ ਰੂਪ ਵਿਚ ਸਾਰੇ ਅਕਾਸ਼ ਵਿਚ ਦੇ ਗੂੰਜ ਰਹੀ ਹੈ ਲਹਿਰਾਂ ਉਪਰ ਉਠਦੀਆਂ ਹਨ ਅਤੇ ਫਿਰ ਹੇਠਾਂ ਡਿਗਦੀਆਂ ਹਨ, ਸੁਪਨੇ ਬੁਲਬੁਲਿਆਂ ਵਾਂਗ ਉਠਦੇ ਤੇ ਮਿਟ ਜਾਂਦੇ ਹਨ।

ਇਸ ਪ੍ਰਿਥਵੀ ਰੂਪੀ ਪਰਦੇ ਤੇ ਜਿਸ ਦੀ ਤੂੰ ਰਚਨਾ ਕੀਤੀ ਏ, ਰਾਤ ਦਿਨ ਦੀ ਲੇਖਣੀ ਨਾਲ ਅਸੰਖ ਚਿੱਤ੍ਰ ਚਿੱਤੇ ਗਏ ਹਨ, ਇਸ ਦੇ ਪਿਛੇ ਤੇਰਾ ਸਿੰਘਾਸਣ ਬਾਂਕੀਆਂ ਲੀਕਾਂ ਦੇ ਅਸਚਰਜ ਭੇਤਾਂ ਨਾਲ ਬਣਾਇਆ ਹੈ। ਉਸ ਵਿਚ ਇਕ ਵੀ ਸਿਧੀ ਜਾਂ ਸਧਾਰਣ ਲੀਕ ਨਹੀਂ।

ਮੇਰੀ ਅਤੇ ਤੇਰੀ ਵੱਡੀ ਨੁਮਾਇਸ਼ ਨਾਲ ਸਾਰਾ ਅਕਾਸ਼ ਭਰਿਆ ਪਿਆ ਹੈ, ਮੇਰੀਆਂ ਅਤੇ ਤੇਰੀਆਂ ਸੁਰਾਂ ਨਾਲ ਸਾਰਾ ਅਕਾਸ਼ ਮੰਡਲ ਗੂੰਜ ਰਿਹਾ ਹੈ। ਯੁਗਾਂ ਦੇ ਯੁਗ ਮੇਰੀ ਅਤੇ ਤੇਰੀ ਲੁਕਣ ਮੀਟੀ ਦੀ ਖੇਡ ਵਿਚ ਲੰਘਦੇ ਜਾ ਰਹੇ ਹਨ।

੯੪