ਪੰਨਾ:ਗੀਤਾਂਜਲੀ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭੨ਵੀਂ ਕੂੰਜ

ਉਹੋ ਤਾਂ ਮੇਰਾ ਅੰਤਰ ਆਤਮਾਂ ਹੈ, ਜੋ ਮੇਰੇ ਜੀਵ ਆਤਮਾਂ ਆਪਣੀ ਗੰਭੀਰ ਅਣਡਿਠੀ ਛੁਹ ਨਾਲ ਜਗਾਉਂਦਾ ਹੈ ।

ਇਹ ਉਹੋ ਹੈ ਜੋ ਏਨਾਂ ਨੈਣਾਂ ਵਿਚ ਆਪਣਾ ਜਾਦੂ ਕਰਦਾ ਹੈ, ਅਤੇ ਮੇਰੇ ਹਿਰਦੇ ਦੀ ਵੀਣਾ ਦੀਆਂ ਤਾਰਾਂ ਤੇ ਸੁਖ ਦੁਖ ਦੀਆਂ ਅਨੇਕ ਸੁਰਾਂ ਨੂੰ ਅਨੰਦ ਨਾਲ ਵਜਾਉਂਦਾ ਹੈ।

ਇਹ ਉਹੋ ਹੈ, ਜੋ ਇਸ ਮਾਇਆ ਦੇ ਜਾਲ ਨੂੰ ਸੁਨਹਿਰੇ ਅਤੇ ਰੁਪਹਿਰੇ, ਹਰੇ ਅਤੇ ਨੀਲੇ ਖਿਨ ਵਿਚ ਉਡ ਜਾਣ ਵਾਲੇ ਰੰਗਾਂ ਨਾਲ ਉਣਦਾ ਹੈ। ਅਤੇ ਉਨ੍ਹਾਂ ਜਾਲਾਂ ਵਿਚੋਂ ਆਪਣੇ ਚਰਨਾਂ ਨੂੰ ਬਾਹਰ ਨਿਕਲਨ ਦਿੰਦਾ ਹੈ ਜਿਸ ਦੀ ਛੂਹ ਨਾਲ ਹੀ ਮੈਂ ਆਪਣੇ ਆਪ ਨੂੰ ਭੁਲ ਜਾਂਦਾ ਹਾਂ।

ਦਿਨ ਆਉਂਦੇ ਹਨ ਅਤੇ ਜੁਗਾਂ ਦੇ ਜੁਗ ਲੰਘਦੇ ਜਾਂਦੇ ਹਨ, ਇਹ ਕੇਵਲ ਉਹੋ ਹੈ ਜੋ ਮੇਰੇ ਦਿਲ ਨੂੰ ਅਨੇਕਾਂ ਨਾਵਾਂ, ਅਨੇਕਾਂ ਰੰਗਾਂ, ਅਨੇਕਾਂ ਖੁਸ਼ੀਆਂ ਗ਼ਮੀਆਂ ਦੇ ਉਛਾਲਿਆਂ ਵਿਚ ਘੁੰਮਾਂਦਾ ਹੈ।

੯੫