ਪੰਨਾ:ਗੀਤਾਂਜਲੀ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗੀਤਾਂਜਲੀ

੭੯ਵੀਂ ਕੂੰਜ

ਜੇ ਤੇਰਾ ਦਰਸ਼ਨ ਕਰਨਾ ਮੇਰੇ ਭਾਗਾਂ ਵਿਚ ਨਹੀਂ ਹੈ, ਤਾਂ ਹੇ ਮੇਰੇ ਪ੍ਰਭੂ, ਮੈਂ ਸਦਾ ਇਹ ਅਨੁਭਵ ਕਰਦਾ ਰਹਾਂਗਾ ਕਿ ਇਕ ਪਲ ਵੀ ਨਾ ਭੁਲਾਂਗਾ ਜੋ ਮੈਨੂੰ ਤੇਰਾ ਦਰਸ਼ਨ ਨਹੀਂ ਹੋਇਆ, ਸੌਂਦੇ ਜਾਗਦੇ ਸਦਾ ਹੀ ਇਸ ਸ਼ੋਕ ਦੀ ਦਰਦ ਮੇਰੇ ਮਨ ਵਿਚ ਰਹੇਗੀ।

ਜਿਉਂ ਜਿਉਂ ਇਸ ਸੰਸਾਰ ਦੇ ਰੌਣਕੀਲੇ ਬਜ਼ਾਰ ਵਿਚ ਮੇਰੇ ਦਿਨ ਲੰਘਦੇ ਜਾਣਗੇ ਨਿੱਤ ਦੀ ਆਮਦਨ ਨਾਲ ਮੇਰੇ ਹਥ ਤੇ ਝੋਲੀਆਂ ਭਰਦੀਆਂ ਜਾਣਗੀਆਂ ਤਿਉਂ ਤਿਉਂ ਮੈਂ ਇਹ ਮਹਿਸੂਸ ਕਰਾਂਗਾ ਜੋ ਮੈਨੂੰ ਕੋਈ ਲਾਭ ਨਹੀਂ ਹੋਇਆ।ਮੈਂ ਪਲ ਭਰ ਭੀ ਨ ਭੁਲਾਂਗਾ ਕਿ ਤੇਰਾ ਦਰਸ਼ਨ ਨਹੀਂ ਹੋਇਆ ਅਤੇ ਸੌਂਦੇ ਜਾਗਦੇ ਸਦਾ ਹੀ ਇਹ ਸ਼ੋਕ ਦੀ ਵੇਦਨਾ ਮੇਰੇ ਮਨ ਵਿਚ ਹੁੰਦੀ ਰਹੇਗੀ।

ਜਦ ਥਕ ਕੇ ਹਫਦਾ ਹੋਇਆ ਮੈਂ ਰਾਹ ਦੇ ਇਕ ਪਾਸੇ ਹੋ ਕੇ ਬੈਠ ਜਾਵਾਂਗਾ ਅਤੇ ਘਟੇ ਤੇ ਵਿਛਾਉਣਾ ਵਿਛਾ ਲਵਾਂਗਾ ਤਾਂ ਭੀ ਮੈਂ ਸਦਾ ਇਹ ਪ੍ਰਤੀਤ ਕਰਾਂਗਾ ਕਿ ਅਜੇ ਲੰਮਾ ਪੰਧ ਮੇਰੇ ਸਾਹਮਣੇ ਹੈ!

ਜਦੋਂ ਮੇਰਾ ਘਰ ਅਨੇਕਾਂ ਸਜਾਵਟਾਂ ਨਾਲ ਸਜਾਇਆ ਜਾਵੇ, ਉਸ ਵਿਚ ਖੂਬ ਗਾਣਾ ਵਜਾਣਾ ਤੇ ਦਿਲ ਲਗੀ ਹੋਵੇਗੀ ਤਾਂ ਵੀ ਮੈਂ ਮੁੜ ਮੁੜ ਕੇ ਇਹ ਮਹਿਸੂਸ ਕਰਦਾ ਰਹਾਂਗਾ ਕਿ ਮੈਂ ਤੈਨੂੰ ਆਪਣੇ ਘਰ ਨਿਉਂਦਾ ਨਹੀਂ ਦਿਤਾ ਮੈਂ ਪਲ ਭਰ ਭੀ ਨਹੀਂ ਭੁਲਾਂਗਾ, ਸੌਂਦਾ ਜਾਗਦਾ ਸਦਾ ਹੀ ਸ਼ੋਕ ਦੀ ਦਰਦ ਮੇਰੇ ਮਨ ਵਿਚ ਹੁੰਦੀ ਰਹੇਗੀ।

੧੦੨