ਪੰਨਾ:ਗੀਤਾਂਜਲੀ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੮੨ਵੀਂ ਕੂੰਜ

ਹੇ ਪ੍ਰਭੂ, ਤੇਰੇ ਹਥ ਵਿਚ ਅਨੰਤ ਸਮਾਂ ਹੈ, ਤੇਰੇ ਪਲਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ।

ਰਾਤ ਦਿਨ ਮਾਲਾ ਦੇ ਮਣਕਿਆਂ ਵਾਂਗ ਆਉਂਦੇ ਅਤੇ ਚਲੇ ਜਾਂਦੇ ਹਨ, ਯੁਗਾਂ ਦੇ ਯੁਗ ਫੁਲਾਂ ਵਾਂਗ ਖਿੜਦੇ ਅਤੇ ਕੁਮਲਾ ਜਾਂਦੇ ਹਨ ਚੰਗੀ ਤਰਾਂ ਜਾਣਦਾ ਏਂ ਕਿ ਉਡੀਕ ਕਿਸ ਤਰਾਂ ਕਰੀਦੀ ਹੈ।

ਇਕ ਨਿਕੇ ਜਹੇ ਜੰਗਲੀ ਫੁਲ ਨੂੰ ਪੂਰਣਤਾ ਤਕ ਪਹੁੰਚਾਉਣ ਲਈ ਇਕ ਇਕ ਕਰਕੇ ਸਦੀਆਂ ਲਗਾਤਾਰ ਆਉਂਦੀਆਂ ਹਨ।

ਸਾਡੇ ਕੋਲ ਕੋਈ ਵਾਧੂ ਪਲ ਗਵਾਉਣ ਲਈ ਨਹੀਂ ਹੈ, ਇਸ ਲਈ ਸਾਨੂੰ ਆਪਣੇ ਮੌਕਿਆਂ ਤੇ ਕਾਮਯਾਬੀਆਂ ਲਈ ਖੋਹਾਮਾਈ ਕਰਨੀ ਚਾਹੀਦੀ ਹੈ। ਅਸੀਂ ਏਨੇ ਗਰੀਬ ਹਾਂ ਜੋ ਰੁਕ ਨਹੀਂ ਸਕਦੇ।

ਪਰ ਝਗੜਾਲੂਆਂ ਨਾਲ ਝਗੜਾ ਕਰਦਿਆਂ ਮੇਰਾ ਸਮਾਂ ਲੰਘ ਜਾਂਦਾ ਹੈ, ਇਸ ਲਈ ਤੇਰੀ ਬਲੀ ਲੈਣ ਵਾਲੀ ਦੇਵੀ ਦਾ ਮੰਦਰ ਅਖੀਰ ਤੱਕ ਸੁੰਞਾ ਪਿਆ ਹੈ।

ਦਿਨ ਬੀਤਣ ਤੇ ਮੈਂ ਡਰਦਾ ਮਾਰਿਆ ਝਪਟ ਮਾਰ ਕੇ ਆਉਂਦਾ ਹਾਂ ਜੋ ਤੇਰਾ ਦਰਵਾਜ਼ਾ ਬੰਦ ਨ ਹੋ ਜਾਵੇ ਪਰ ਮੈਨੂੰ ਪਤਾ ਲਗ ਗਿਆ ਹੈ ਕਿ ਅਜੇ ਬਥੇਰਾ ਸਮਾਂ ਰਹਿੰਦਾ ਹੈ।

੧੦੫