ਪੰਨਾ:ਗੀਤਾਂਜਲੀ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗੀਤਾਂਜਲੀ

੮੪ਵੀਂ ਕੂੰਜ

ਇਹ ਵਿਛੋੜੇ ਦੀ ਦਰਦ ਹੈ ਜੋ ਸਾਰੇ ਬ੍ਰਹਮੰਡ ਵਿਚ ਫੈਲੀ ਹੋਈ ਹੈ, ਅਤੇ ਅਨੰਤ ਅਕਾਸ਼ ਮੰਡਲ ਵਿਚ, ਅਨਗਿਣਤ ਤਾਰਿਆਂ ਦੇ ਰੂਪਾਂ ਨੂੰ ਪੈਦਾ ਕਰਦੀ ਹੈ।

ਇਹ ਵਿਜੋਗ ਦਾ ਹੀ ਦੁਖ ਹੈ, ਜੋ ਸਾਰੇ ਤਾਰੇ ਇਕ ਦੂਜੇ ਵਲ ਟਿਕਟਿਕੀ ਲਾ ਕੇ ਵੇਖਦੇ ਰਹਿੰਦੇ ਹਨ। ਸਾਵਣ ਤੇ ਬਾਰਸ਼ ਨਾਲ ਭਰੇ ਅੰਨ੍ਹੇਰੇ ਵਿਚ ਤ੍ਰਿਪ-ਪੁੱਤ, ਤ੍ਰਿਪ-ਪੱਤ ਕਰਦੀਆਂ ਪੱਤੀਆਂ ਵਿਚੋਂ ਵੀਣਾ ਦੇ ਜਾਦੂਗਰ ਸੁਰ ਨਿਕਲਦੇ ਹਨ।

ਇਹ ਵਿਛੋੜੇ ਦੀ ਵਿਸ਼ਵ ਪਿਆਪਕ ਦਰਦ ਹੈ, ਜੋ ਮਨੁਖੀ ਮੰਦਰ ਵਿਚ ਪ੍ਰੇਮ ਤੇ ਵਾਸ਼ਨਾ, ਸ਼ੋਕ ਤੇ ਅਨੰਦ ਵਿਚ ਤਬਦੀਲ ਹੁੰਦੀ ਹੈ। ਏਹੋ ਮੇਰੇ ਕਵੀ ਦਿਲ ਤੋਂ ਝਰਨੇ ਵਾਂਗ ਗੀਤਾਂ ਦੇ ਰੂਪ ਵਿਚ ਵਗਦੀ ਹੈ।

੧੦੭