ਪੰਨਾ:ਗੀਤਾਂਜਲੀ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੮੬ਵੀਂ ਕੂੰਜ

ਤੇਰਾ ਸੇਵਕ ਯਮ, ਅਜ ਮੇਰੇ ਦਰਵਾਜੇ ਤੇ ਆਇਆ ਹੈ, ਇਹ ਅਣਡਿਠੇ ਅਣ ਜਾਣੇ ਦੇਸ਼ਾਂ ਦੇ ਸਾਗਰ ਨੂੰ ਲੰਘ ਕੇ ਤੇਰਾ ਸੁਨੇਹਾ ਦੇਣ ਦੇ ਆਇਆ ਹੈ।

ਰਾਤ ਅਨ੍ਹੇਰੀ ਹੈ, ਮੇਰਾ ਹਿਰਦਾ ਭੀ ਡਰ ਰਿਹਾ ਹੈ, ਤਾਂ ਭੀ ਮੈਂ ਹਥ ਵਿਚ ਦੀਵਾ ਲੈ ਕੇ ਆਪਣੇ ਬੰਦ ਦਰਵਾਜੇ ਖੋਲਾਂਗਾ ਅਤੇ ਸਿਰ ਝੁਕਾ ਹਥ ਜੋੜ ਕੇ ਉਸਦਾ ਸੁਵਾਗਤ ਕਰਾਂਗਾ ਕਿਉਂਕਿ ਉਹ ਤੇਰਾ ਦੂਤ ਹੈ ਅਤੇ ਮੇਰੇ ਦਰਵਾਜੇ ਅਗੇ ਖੜੋਤਾ ਹੈ।

ਹਥ ਜੋੜ ਕੇ ਹੰਝੂਆਂ ਦੇ ਪਾਣੀ ਨਾਲ ਮੈਂ ਉਸ ਦੀ ਪੂਜਾ ਕਰਾਂਗਾ ਅਤੇ ਆਪਣੇ ਹਿਰਦੇ ਦੋ ਕੋਹਨੂਰ ਨੂੰ ਉਸ ਦੇ ਚਰਨਾਂ ਤੇ ਭੇਟਾ ਰਖ ਕੇ ਦੇ ਅਖੀਰਲੀ ਨਿਮਸ਼ਕਾਰ ਕਰਾਂਗਾ।

ਉਹ ਆਪਣੇ ਕੰਮ ਨੂੰ ਪੂਰਾ ਕਰ ਕੇ ਮੁੜ ਜਾਵੇਗਾ ਅਤੇ ਮੇਰੀ ਪ੍ਰਭਾਤ ਨੂੰ ਅੰਨੇਰੀ ਛਾਂ ਨਾਲ ਢੱਕ ਜਾਵੇਗਾ, ਮੇਰੇ ਸੁੰਞੇ ਘਰ ਵਿਚ ਕੇਵਲ ਮੇਰੀ ਨਿਆਸਰੀ ਆਤਮਾਂ ਤੇਰੀ ਅੰਤਮ ਭੇਟਾ ਲਈ ਬਾਕੀ ਰਹਿ ਜਾਵੇਗੀ।

੧੦੯