ਪੰਨਾ:ਗੀਤਾਂਜਲੀ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੮੯ਵੀਂ ਕੂੰਜ

ਹੁਣ ਨ ਮੈਂ ਰੌਲਾ ਪਾਵਾਂਗਾ ਤੇ ਨ ਜ਼ੋਰ ਨਾਲ ਅਵਾਜ਼ਾਂ ਮਾਰਾਂਗਾ, ਹੇ ਮੇਰੇ ਸੁਵਾਮੀ, ਇਹੋ ਮੇਰੀ ਇੱਛਾ ਹੈ, ਹੁਣ ਮੈਂ ਫ਼ਰਕਦੀਆਂ ਬੁਲੀਆਂ ਵਿਚ ਹੀ ਪ੍ਰਾਰਥਨਾ ਕਰਾਂਗਾ, ਮੇਰੇ ਦਿਲ ਦੇ ਤਿਖੀਆਂ ਸੁਰਾਂ ਵਾਲੇ ਗੀਤ ਗੁਣ ਗੁਣਾਉਣ ਦੇ ਰੂਪ ਵਿਚ ਹੀ ਪ੍ਰਗਟ ਹੋਣਗੇ।

ਲੋਕੀ ਸ਼ਾਹੀ ਬਜ਼ਾਰ ਨੂੰ ਜਾ ਰਹੇ ਹਨ, ਸਭ ਖ੍ਰੀਦਣ ਵੇਚਣ ਵਾਲੇ ਭੀੜਾਂ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ, ਪਰ ਮੈਂ ਕੰਮ ਧੰਦਿਆਂ ਵਿਚ ਰੁਝੇ ਨੇ ਦੁਪਹਿਰ ਵੇਲੇ-ਕੁਵੇਲੇ-ਸਭ ਕੁਝ ਤਿਆਗ ਦਿਤਾ ਹੈ।

ਤਾਂਤੇ ਇਸ ਕਵੇਲੇ ਵੇਲੇ ਹੀ ਮੇਰੇ ਬਾਗ਼ ਵਿਚੋਂ ਫਲਾਂ ਨੂੰ ਖਿੜਨ ਦੇ ਅਤੇ ਦੁਪਹਿਰ ਵੇਲੇ ਮਾਖਿਉ ਉਤੇ ਮੁਖੀਆਂ ਨੂੰ ਮਹੀਨ ਮਿਠੀ ਅਵਾਜ਼ ਵਿਚ ਗੂੰਜਣ ਦੇ।

ਭਲੇ ਬੁਰੇ ਕੁਦਰਤ ਦੇ ਸੰਜੋਗਾਂ ਵਿਚ, ਮੈਂ ਆਪਣੇ ਬਹੁਤ ਸਾਰੇ ਘੰਟੇ ਬਰਬਾਦ ਕੀਤੇ, ਪਰ ਹੁਣ ਮੇਰੇ ਵਿਹਲੇ ਦਿਨਾਂ ਦਾ ਸਾਥੀ ਦੀ ਇੱਛਾ, ਮੇਰੇ ਹਿਰਦੇ ਨੂੰ ਆਪਣੀ ਵਲ ਖਿਚਣ ਦੀ ਹੈ। ਮੈਨੂੰ ਨਹੀਂ ਪਤਾ ਕਿ ਮੈਂ ਕਿਸ ਉਦੇਸ਼-ਹੀਣ ਨਤੀਜੇ ਵਾਸਤੇ ਸੱਦ ਭੇਜਿਆ ਗਿਆ ਹਾਂ।

੧੧੨