ਪੰਨਾ:ਗੀਤਾਂਜਲੀ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭ਵੀਂ ਕੂੰਜ

ਹੇ ਮੇਰੇ ਮਿਤ੍ਰ, ਹੁਣ ਮੇਰੇ ਜਾਣ ਦਾ ਵੇਲਾ ਹੈ, ਤੁਸੀਂ ਸਾਰੇ ਸਭ ਇੱਛਾਂ ਦਿਉ, ਅਕਾਸ਼ ਪ੍ਰਭਾਤ ਦੀ ਕੁਵਾਰੀ ਕੁੜੀ ਦੀਆਂ ਗਲਾਂ ਦੀ ਲਾਲੀ ਵਾਂਗ ਲਾਲ ਹੋ ਰਿਹਾ ਹੈ, ਮੇਰਾ ਰਾਹ ਦ੍ਰਿਸ਼ਾਂ ਨਾਲ ਕੇਡਾ ਸੁਹਣਾ ਹੈ।

ਇਹ ਨ ਪਛੋ ਜੋ ਉਥੇ ਲੈ ਜਾਣ ਲਈ ਮੇਰੇ ਪਾਸ ਕੀ ਹੈ। ਮੈਂ ਆਪਣੀ ਯਾਤਰਾ ਤੇ, ਖਾਲੀ ਹਥਾਂ ਤੇ ਆਸ਼ਾ ਭਰੇ ਹਿਰਦੇ ਨੂੰ ਨਾਲ ਲੈ ਕੇ ਜਾ ਰਿਹਾ ਹਾਂ।

ਮੈਂ ਵਿਆਹ ਦੀ ਮਾਲਾ ਪਾਵਾਂਗਾ, ਪਾਂਧੀਆਂ ਵਰਗੇ ਮੇਰੇ ਭਗਵੇਂ ਕਪੜੇ ਨਹੀਂ ਹਨ। ਭਾਵੇਂ ਰਾਹ ਵਿਚ ਬੜੀਆਂ ਔਕੜਾਂ ਤੇ ਤਕਲੀਫਾਂ ਹਨ, ਪਰ ਮੇਰੇ ਮਨ ਵਿਚ ਕੋਈ ਡਰ ਨਹੀਂ।

ਮੇਰਾ ਪੰਧ ਮੁਕਣ ਤੇ ਸੰਧਿਆ ਦਾ ਵੱਡਾ ਤਾਰਾ ਨਿਕਲੇਗਾ ਅਤੇ ਸ਼ਾਮ ਦੀਆਂ ਮਿਠੀਆਂ ਰਾਗਨੀਆਂ ਰਾਜ ਦੁਵਾਰ ਤੇ ਵਜਾਈਆਂ ਜਾਣਗੀਆਂ।

੧੧੭