ਪੰਨਾ:ਗੀਤਾਂਜਲੀ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੯੭ਵੀਂ ਕੂੰਜ

ਜਦੋਂ ਮੈਂ ਤੇਰੇ ਨਾਲ ਖੇਡਦਾ ਸਾਂ, ਤਾਂ ਮੈਂ ਕਦੀ ਭੀ ਨਹੀਂ ਸੀ ਪੁਛਿਆ ਕਿ ਤੂੰ ਕੌਣ ਹੈਂ। ਮੇਰੇ ਵਿਚ ਉਸ ਵੇਲੇ ਨ ਡਰ ਸੀ ਅਤੇ ਨ ਸੰਕੋਚ, ਮੇਰਾ ਜੀਵਨ ਮਿਠੀਆਂ ਲੀਲਾਂ ਸਨ।

ਪ੍ਰਭਾਤ ਵੇਲੇ ਤੂੰ ਮੈਨੂੰ ਸਜਣਾਂ ਵਾਂਗ ਨੀਂਦਰ ਵਿਚੋਂ ਉਠਾਇਆ ਅਤੇ ਮੈਨੂੰ ਦੂਰ ਤਕ ਖੇਤਾਂ ਵਿਚ ਦੁੜਾਉਂਦਾ ਫਿਰਿਓਂ।

ਉਨ੍ਹੀ ਦਿਨੀ ਮੈਂ ਉਨ੍ਹਾਂ ਗੀਤਾਂ ਦੇ ਅਰਥ ਸਮਝਣ ਦੀ ਕਖ ਪ੍ਰਵਾਹ ਨਹੀਂ ਸਾਂ ਕਰਦਾ, ਜਿਨ੍ਹਾਂ ਨੂੰ ਤੂੰ ਗਾ ਗਾ ਕੇ ਸੁਣਾਇਆ ਸੀ, ਮੇਰਾ ਗਲਾ ਸੁਰ ਨਾਲ ਸੁਰ ਮਿਲਾਉਂਦਾ ਸੀ ਅਤੇ ਮੇਰਾ ਹਿਰਦਾ ਸੁਰਾਂ ਦੇ ਉਤਰਾ ਚੜਾ ਨਾਲ ਨੱਚਦਾ ਸੀ।

ਹੁਣ ਜਦ ਖੇਡ ਦਾ ਸਮਾਂ ਲੰਘ ਗਿਆ ਹੈ ਤਾਂ ਮੇਰੇ ਸਾਹਮਣੇ ਇਕ ਅਨੋਖਾ ਦ੍ਰਿਸ਼ ਆਉਂਦਾ ਹੈ ਇਹ ਦੁਨੀਆਂ ਆਪਣੇ ਸਾਰੇ ਉਦਾਸ ਤਾਰਾ ਮੰਡਲ ਦੇ ਨਾਲ ਮੇਰੇ ਚਰਨ ਕਮਲਾਂ ਵਿਚ ਆਪਣੇ ਨੈਣ ਝੁਕਾ ਕੇ ਹੈਰਾਨ ਤੇ ਚੁਪ ਹੈ।

੧੨੦