ਇਹ ਵਰਕਾ ਤਸਦੀਕ ਕੀਤਾ ਗਿਆ ਏ
ਗੀਤਾਂਜਲੀ
੯੮ਵੀਂ ਕੂੰਜ
ਮੈਂ ਤੈਨੂੰ ਤੇਰੀ ਜਿੱਤ ਦੀਆਂ ਭੇਟਾਂ ਅਤੇ ਆਪਣੀ ਹਾਰ ਦੇ ਹਾਰਾਂ ਨਾਲ ਸ਼ਿੰਗਾਰਾਂਗਾ ਅਜਿਤ ਰਹਿ ਕੇ ਭਜ ਜਾਣਾ ਮੇਰੇ ਵੱਸ ਦੀ ਗਲ ਨਹੀਂ, ਮੈਂ ਇਸਤਰਾਂ ਨਹੀਂ ਕਰ ਸਕਦਾ।
ਮੈਨੂੰ ਯਕੀਨ ਹੈ ਜੋ ਮੇਰਾ ਹੰਕਾਰ ਟੁਟੇਗਾ, ਮੇਰੇ ਜੀਵਨ ਦੇ ਬੰਧਨ ਭਿਆਨਕ ਔਕੜਾਂ ਵਿਚ ਕੱਟੇ ਜਾਣਗੇ ਅਤੇ ਮੇਰਾ ਸੁੰਞਾ ਹਿਰਦਾ ਪੋਲੇ ਵਾਂਸ ਵਾਂਗ ਗਾ ਗਾ ਕੇ ਉਭੇ ਸਾਹ ਲਵੇਗਾ, ਪਥਰਾਂ ਤੇ ਅਸਰ ਹੋਵੇਗਾ ਤੇ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਟਪਕ ਪੈਣਗੇ।
ਮੈਨੂੰ ਭਰੋਸਾ ਹੈ ਕਿ ਕਮਲ ਦੇ ਸੈਂਕੜੇ ਪੱਤੇ ਸਦਾ ਲਈ ਬੰਦ ਨਹੀਂ ਰਹਿਣਗੇ, ਉਸਦੇ ਮਾਖਿਉ ਦਾ ਲੁਕਿਆ ਕੋਨਾ ਪ੍ਰਗਟ ਹੋ ਜਾਵੇਗਾ। ਨੀਲੇ ਅਕਾਸ਼ ਵਿਚੋਂ ਇਕ ਅੱਖ ਮੇਰੇ ਵਲ ਵੇਖੇਗੀ ਅਤੇ ਇਸ਼ਾਰੇ ਨਾਲ ਚੁਪ ਚਾਪ ਮੈਨੂੰ ਆਪਣੇ ਵਲ ਬੁਲਾਵੇਗੀ। ਮੇਰੇ ਲਈ ਕੁਝ ਬਾਕੀ ਨ ਰਹੇਗਾ ਅਤੇ ਤੇਰੇ ਚਰਨ ਹੇਠਾਂ ਆ ਕੇ ਮੈਨੂੰ ਕੇਵਲ ਮੌਤ ਹੀ ਮਿਲੇਗੀ।
੧੨੧