ਪੰਨਾ:ਗੀਤਾਂਜਲੀ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗੀਤਾਂਜਲੀ

੧੦੦ਵੀਂ ਕੂੰਜ

ਮੈਂ ਅਕਾਰਾਂ ਦੇ ਸਾਗਰ ਵਿਚ ਇਸ ਆਸ਼ਾ ਨਾਲ ਡੂੰਘੀ ਚੁੱਭੀ ਮਾਰਦਾ ਹਾਂ ਜੋ ਨਿਰ ਅਕਾਰ ਦਾ ਪੂਰਨ ਮੋਤੀ ਮੇਰੇ ਹਥ ਵਿਚ ਆ ਜਾਵੇ।

ਹੁਣ ਮੈਂ ਸਮੇਂ ਨਾਲ ਜਰਜਰਾ ਹੋਈ ਕਿਸ਼ਤੀ ਤੇ ਬੈਠ ਕੇ ਪੱਤਣ ਪੱਤਣ ਨਹੀਂ ਫਿਰਾਂਗਾ। ਹੁਣ ਉਹ ਸਮੇਂ ਲੱਦ ਗਏ ਜਦੋਂ ਲਹਿਰਾਂ ਦੀਆਂ ਚਪੇੜਾਂ ਖਾਣੀਆਂ ਹੀ ਮੇਰੀ ਖੇਡ ਸੀ।

ਹੁਣ ਮੈਂ ਕਾਹਲਾ ਤੇ ਖੁਸ਼ ਹਾਂ ਜੋ ਮਰ ਕੇ ਅੰਮ੍ਰਿਤ ਵਿਚ ਲੀਨ ਮੈਂ ਹੋ ਜਾਵਾਂਗਾ।

ਮੈਂ ਆਪਣੀ ਜੀਵਨ ਵੀਣਾ ਨੂੰ ਉਥੇ ਲੈ ਜਾਵਾਂਗਾ ਜਿਥੇ ਅਥਾਹ ਡੁੰਘਾਈ ਦੇ ਨੇੜੇ ਰਾਗ ਦੀ ਮਹਿਫਲ ਵਿਚ ਤਾਲੀ ਮਾਰਨ ਤੇ ਨਾਪ ਦੇਣ ਤੋਂ ਬਿਨਾਂ ਗੀਤ ਗਾਏ ਜਾਂਦੇ ਹਨ।

ਮੈਂ ਇਸ ਨੂੰ ਅਟੱਲਤਾ ਦੇ ਰਾਗਾਂ ਨਾਲ ਮਿਲਾਵਾਂਗਾ ਅਤੇ ਜਦੋਂ ਅੰਤਮ ਸੁਰ ਨਿਕਲਨ ਪਿਛੋਂ ਮੇਰੀ ਵੀਣਾ ਸ਼ਾਂਤ ਹੋ ਚੁਕੇਗੀ ਤਾਂ ਮੈਂ ਉਸਨੂੰ ਠੰਢੇ ਸਾਈਂ ਦੇ ਚਰਨ ਕਮਲਾਂ ਤੇ ਭੇਟ ਵਜੋਂ ਰਖ ਦੇਵਾਂਗਾ।

੧੨੩