ਪੰਨਾ:ਗੀਤਾਂਜਲੀ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭ਵੀਂ ਕੂੰਜ

ਮੇਰੇ ਨੰਗੇ ਨੰਗੇ ਗੀਤ
ਨ ਕੋਈ ਕਪੜਾ ਨਾ ਕੋਈ ਗਹਿਣਾ
ਨ ਕੋਈ ਸਰ ਤੇ ਨਾ ਕੋਈ ਤਾਲ
ਨ ਕੋਈ ਵੇਲਾ ਨਾ ਮਲ੍ਹਾਰ।
ਗੀਤਾਂ ਦਾ ਹੰਕਾਰ ਨਹੀਂ ਹੈ ਝਾਂਜਰ ਦੀ ਛਣਕਾਰ ਨਹੀਂ ਹੈ
ਮਿਲਣ ਨਾ ਦੇਂਦੇ ਗਹਿਣੇ ਕਪੜੇ
ਹਾਰ ਗਲੇ ਪੈ ਕੇ ਵਿਥ ਪਾਂਦੇ।
ਧੜਕਣ ਦਿਲ ਦੀ ਕਿਵੇਂ ਸੁਣਾਂ ਮੈਂ
ਪੈਰਾਂ ਦੀਆਂ ਟਾਪਾਂ
ਬਾਂਕਾਂ ਦੀ ਛਣ ਛਣ
ਜੋੜੀ ਦੀ ਧਾ ਧਾ ਤਾਰਾਂ ਦੀਆਂ ਮੀਂਡਾਂ।
ਮੈਂ ਤੁਛ ਬਾਂਸਰੀ
ਮੈਨੂੰ ਲੋੜ ਨਾ ਝਖੜਾਂ ਦੀ
ਨਾ ਲੋੜ ਸਮੀਰਾਂ ਦੀ
ਇੱਕ ਹਉਕੇ ਜੇਡੀ ਫੂਕ ਦੀ ਮੈਨੂੰ ਲੋੜ ਹੈ
ਬਸ ਲਾਗੇ ਆਪਣੇ ਬਹਿਣ ਦੇ
ਗੀਤਾਂ ਦੇ ਵਹਿਣੀਂ ਵਹਿਣ ਦੇ