ਪੰਨਾ:ਗੀਤਾਂਜਲੀ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੧੦ਵੀਂ ਕੂੰਜ

ਢਠੀਆਂ ਝੁੱਗੀਆਂ ਵਿਚ;
ਉਜੜੀਆਂ ਛਨਾਂ ਵਿਚ; ਰਬਾ ਤੂੰ ਦਿਸਦੈਂ।
ਮੈਂ ਤੜਕੇ ਉਠ ਕੇ, ਗੰਗਾ ਵਿਚ ਨ੍ਹਾ ਨ੍ਹਾ ਕੇ,
ਮੰਦਰਾਂ ਵਿਚ ਜਾ ਜਾ ਕੇ,
ਅਨੇਕਾਂ ਵਾਰ, ਡੰਡੌਤਾਂ ਕੀਤੀਆਂ।
ਪਰ ਨ ਉਥੇ ਪੁਜਿਆ;
ਜਿਥੇ ਹਲ ਵਾਂਹਦੇ ਕਿਸਾਨ, ਬੋਰੀਆਂ ਚੁਕਦੇ ਪਾਂਡੀ,
ਵੱਡਾਂ ਵਿਚ ਡਿੱਗੇ ਸਿਟੇ ਚੁਕਦੇ ਚੰਗੜ, ਪੰਛੀਆਂ ਹਾਰ,
ਕੰਮ ਕਰਦੇ ਕਰਦੇ; ਠੁਲੀ ਜਹੀ ਬੋਲੀ ਵਿਚ,
ਖਿਲਰੇ ਹੋਏ ਭਾਵਾਂ ਨਾਲ, ਲਿਬੜੇ ਹੋਏ ਹਥਾਂ ਨਾਲ
ਤੈਨੂੰ ਪਿਆਰਦੇ ਹਨ।
ਹੰਕਾਰ ਕੇਵਲ ਮੀਨਾਰਾਂ ਤੇ ਬਹਿੰਦਾ ਹੈ
ਨੀਵੇਂ ਥਾਂ ਨਿਰਮਲ ਪਾਣੀਆਂ ਨਾਲ ਭਰੇ ਰਹਿੰਦੇ ਹਨ।
ਉਹ ਰਾਹ ਦੂਰ ਹੈ—ਤਹਿਜ਼ੀਬਾਂ ਨੇੜੇ ਨਹੀਂ
ਉਸ ਰਾਹ ਤੋਂ ਇਖ਼ਲਾਕ ਦੇ ਪੈਰ ਤੁਰ ਸਕਦੇ ਹਨ;
ਮੈਂ ਉਸ ਪਗ ਡੰਡੀ ਤੋਂ ਦੂਰ ਬੈਠਾ ਹਾਂ,
ਉਹ ਰਾਹ ਮੇਰੀਆਂ ਅੱਖਾਂ ਤੋਂ ਓਹਲੇ ਹੈ
ਧੁੰਦਾਂ ਦੇ ਪਿਛੇ।

੧੨