ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਹੱਬਤ ਬਹੁਤ ਲੰਮੀ ਖ਼ੁਦਕੁਸ਼ੀ ਹੈ।
ਭੁਲੇਖੇ ਵਿੱਚ ਆਖਣ ਬੰਦਗੀ ਹੈ।

ਕਦੇ ਇਕਰਾਰ ਤੇ ਇਨਕਾਰ ਕਰਨਾ,
ਨਿਰੰਤਰ ਖੂਬਸੂਰਤ ਦਿਲ ਲਗੀ ਹੈ।

ਗੁਆਚੀ ਪੈੜ ਲੱਭਣੀ ਸ਼ੁਤਰ ਵਾਲੀ,
ਕਿਸੇ ਸੱਸੀ ਦੀ ਕੈਸੀ ਸਾਦਗੀ ਹੈ।

ਮੈਂ ਤੇਰੀ ਨਜ਼ਰ ਨੂੰ ਪਰਵਾਨ ਹੋਵਾਂ,
ਨਿਰੰਤਰ ਨਾਲ ਤੁਰਦੀ ਤਿਸ਼ਨਗੀ ਹੈ।

ਕਿਤੇ ਵੀ ਬਹਿਣ ਨਾ ਦੇਵੇ ਘੜੀ ਪਲ,
ਮੇਰੇ ਮੱਥੇ 'ਚ ਜੋ ਆਵਾਰਗੀ ਹੈ।

ਕਿਵੇਂ ਮਕਤਲ 'ਚ ਆ ਕੇ ਪਰਤ ਜਾਵਾਂ,
ਮੇਰੇ ਬਾਪੂ ਮੁਤਾਬਕ ਬੁਜ਼ਦਿਲੀ ਹੈ।

ਹਵਾ ਵਿਚ ਫ਼ੈਲ ਗਈ ਹੈ ਮਹਿਕ ਜਿੱਦਾਂ,
ਮੁਹੱਬਤ ਇਹ ਤੇਰੀ ਦਰਿਆਦਿਲੀ ਹੈ।

*

ਗੁਲਨਾਰ- 100