ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਰਮ ਕਰਮ ਨੂੰ ਪਰਖ਼ਣ ਖਾਤਰ, ਵਕਤ ਸ਼ਰਾਰਤ ਕਰ ਜਾਂਦਾ ਹੈ।
ਕੂੜ ਅਮਾਵਸ ਏਨੀ ਗੂੜ੍ਹੀ, ਸੱਚ ਹਮੇਸ਼ਾਂ ਹਰ ਜਾਂਦਾ ਹੈ।

ਤਨ ਦੇ ਨੇੜੇ, ਮਨ ਤੋਂ ਦੂਰੀ, ਮਿੱਟੀ ਨੂੰ ਮਿੱਟੀ ਹੈ ਲੱਭਦੀ,
ਰੂਹ ਦਾ ਰਿਸ਼ਤਾ ਜੋੜੀਂ ਮਿੱਤਰਾ, ਦਿਲ ਤਾਂ ਜਲਦੀ ਭਰ ਜਾਂਦਾ ਹੈ।

ਚੰਨ ਚਾਨਣੀ ਰਾਤ ਦੇ ਅੰਦਰ, ਧਰ ਜਾ ਦੀਵਾ ਦਿਲ ਦੇ ਮੰਦਰ,
ਮਿਲ ਜਾਵੇਂ ਤਾਂ ਸੁਰਖ਼ ਸਵੇਰਾ, ਫਿਰ ਸੂਰਜ ਬਿਨ ਸਰ ਜਾਂਦਾ ਹੈ।

ਰੂਹ ਦੇ ਬਹੁਤ ਨਜ਼ੀਕ ਜਹੀ ਏਂ, ਤੂੰ ਚਾਨਣ ਦੀ ਲੀਕ ਜਹੀ ਏਂ,
ਤੇਰੇ ਨੈਣੀਂ ਡੁੱਬਿਆ ਬੰਦਾ, ਸੁਣਿਐ ਮਰ ਕੇ ਤਰ ਜਾਂਦਾ ਹੈ।

ਜੋ ਅੱਜ ਤੀਕ ਸਮਝ ਨਾ ਆਇਆ, ਧਰਤੀ ਮੈਨੂੰ ਅੱਜ ਸਮਝਾਇਆ,
ਸ਼ਾਮੀਂ ਲੁਕਦਾ ਫਿਰਦੈ ਸੂਰਜ, ਲੋਕੀਂ ਸਮਝਣ ਘਰ ਜਾਂਦਾ ਹੈ।

ਕਿਉਂ ਬਿਰਖਾਂ ਨੂੰ ਜੜ੍ਹੋਂ ਹਿਲਾਵੇਂ, ਤਿੜਕੇ ਆਲ੍ਹਣਿਆਂ ਦੇ ਢਾਹਵੇਂ,
ਮੇਰਾ ਦਿਲ ਮਾਸੂਮ ਪਰਿੰਦਾ, ਟਾਹਣੀ ਹਿੱਲਿਆਂ ਡਰ ਜਾਂਦਾ ਹੈ।

ਘਰ ਦੀ ਚਾਰ ਦੀਵਾਰੀ ਅੰਦਰ, ਖੇਤਰੀਆਂ ਨੂੰ ਮੁੜ ਮੁੜ ਬੀਜਾਂ,
ਹਰੀ ਕਚੂਰ ਕਿਆਰੀ ਮੇਰੀ, ਖਵਰੇ ਕਿਹੜਾ ਚਰ ਜਾਂਦਾ ਹੈ।

*

ਗੁਲਨਾਰ- 101