ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿੰਨੀ ਵਾਰੀ ਲਿਖਿਆ ਤੇ ਕਿੰਨੀ ਵਾਰੀ ਮੇਟਿਆ।
ਦਰਦਾਂ ਨੂੰ ਵੇਖ ਕਿੱਦਾਂ, ਚੁੱਪ 'ਚ ਸਮੇਟਿਆ।

ਅੱਗ ਦੇ ਅਨਾਰ ਕਦੇ ਹੱਥਾਂ ਵਿੱਚ ਫੜੀਂ ਨਾ,
ਲੋਕਾਂ ਨੇ ਬਾਰੂਦ ਹੁੰਦੈ, ਇਹਦੇ 'ਚ ਲਪੇਟਿਆ।

ਚੌਦਾਂ ਸਾਲ ਤੇਰਾ ਮੇਰਾ ਸੰਗ ਸਾਥ ਜ਼ਿੰਦਗੀ,
ਖੇੜਿਆਂ ਦੇ ਚੱਲੀ ਤੇਰੀ ਹੀਰ ਵੇ ਰੰਝੇਟਿਆ।

ਛਮਕਾਂ ਦੀ ਮਾਰ ਖਾ ਕੇ ਹੱਡਾਂ ਵਿਚ ਰੌਂ ਗਿਆ,
ਭੁੱਲੇ ਨਾ ਗੁਲਾਬੀ ਨੂਰ ਸੇਜ ਉੱਤੇ ਲੇਟਿਆ।

ਵੰਝਲੀ ਬਣਾ ਕੇ ਮੈਨੂੰ ਹੋਠਾਂ ਉੱਤੇ ਰੱਖ ਲੈ,
ਸੁਰ ਵਿੱਚ ਸੁਰ ਮੈਂ ਮਿਲਾਉਂ ਵੇ ਰੰਝੇਟਿਆ।

ਕੱਜ ਲੈ ਨੰਗੇਜ਼ ਰੂਹ ਦਾ ਜਿਸਮਾਂ ਨੂੰ ਚੀਰ ਕੇ,
ਸੱਚ ਦਿਆ ਤਾਣਿਆ ਤੇ ਸੁੱਚ ਦਿਆ ਪੇਟਿਆ।

ਤੈਨੂੰ ਕੀਹ ਮਹੱਬਤਾਂ ਦੀ ਸਾਰ ਮਹਿਲਾਂ ਵਾਲਿਆ,
ਰਾਜ ਭਾਗ ਵਾਲਿਆ ਵੇ ਰਾਜੇ ਦਿਆ ਬੇਟਿਆ।

*

ਗੁਲਨਾਰ- 103