ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਰ ਪਾਰ ਆਉਂਦਾ ਜਾਂਦਾ ਵੇਖ ਲਉ ਸਵਾਸ ਹੈ।
ਨੱਚਦਾ ਵਜੂਦ ਜੀਕੂੰ ਕੱਚ ਦਾ ਗਲਾਸ ਹੈ।

ਪੈਰਾਂ ਵਿਚ ਝਾਂਜਰਾਂ ਤੇ ਘੁੰਗਰੂ ਕਮਾਲ ਨੇ,
ਸੁਰ ਨਾਲ ਮੇਲਾ ਪੂਰਾ, ਹੋਸ਼ ਤੇ ਹਵਾਸ ਹੈ।

ਮਨ 'ਚ ਉਮੰਗ ਅਤੇ ਤਨ 'ਚ ਤਰੰਗ ਦਿੱਸੇ,
ਖੁਸ਼ਬੂ ਨੇ ਪਾਇਆ ਹੋਇਆ ਸ਼ੀਸ਼ੇ ਦਾ ਲਿਬਾਸ ਹੈ।

ਅੱਡੀਆਂ 'ਚ ਜ਼ੋਰ ਪੂਰਾ, ਤਲੀਆਂ 'ਚ ਤਾਲ ਵੀ,
ਗਿੱਧਿਆਂ ਦੀ ਰਾਣੀ ਪੱਲੇ, ਜਾਦੂ ਕੋਈ ਖ਼ਾਸ ਹੈ।

ਰਾਤ ਰਾਣੀ ਸਾਹਾਂ 'ਚ ਸੁਗੰਧ ਵਾਂਗ ਮਹਿਕਦੀ,
ਏਸ ਦੀ ਗਵਾਹੀ ਪੱਕੀ, ਦਿਲ 'ਚ ਨਿਵਾਸ ਹੈ।

ਤਪਦੀ ਜ਼ਮੀਨ ਵਿਚ ਨੀਰ ਪਾ ਮੁਹੱਬਤੇ,
ਮਹਿਕਣੇ ਗੁਲਾਬ ਏਥੇ ਪੱਕਾ ਧਰਵਾਸ ਹੈ।

ਦਿਲ ਦਿਲਗੀਰ ਤੇ ਆਹ ਅੱਖੀਆਂ 'ਚ ਨੀਰ ਵੀ,
ਏਸ ਦੀ ਦਵਾਈ, ਸੱਚ ਮੁੱਚ ਤੇਰੇ ਪਾਸ ਹੈ।

*

ਗੁਲਨਾਰ- 107