ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਰਮ ਕਰਮ ਦੇ ਰਾਖੇ ਵੇਖੋ ਡਰ ਜਾਂਦੇ ਨੇ।
ਤਾਂ ਹੀ ਸੁਪਨੇ ਜੰਮਣੋਂ ਪਹਿਲਾਂ ਮਰ ਜਾਂਦੇ ਨੇ।

ਇਸ ਧਰਤੀ ਤੇ ਬਹੁਤੇ ਡਾਕੇ ਏਸੇ ਕਰਕੇ,
ਰਖਵਾਲੇ ਹੀ ਅੱਖਾਂ ਲਾਂਭੇ ਕਰ ਜਾਂਦੇ ਨੇ।

ਹੇ ਮਨ ਮੇਰੇ, ਸਾਵਧਾਨ ਹੋ, ਏਹੀ ਵੇਲਾ,
ਚੁੱਪ ਦੇ ਕਾਰਨ, ਪਾਪ ਦੇ ਭਾਂਡੇ ਭਰ ਜਾਂਦੇ ਨੇ।

ਉਂਘ ਰਹੇ ਨੇ ਹੱਕ ਸੱਚ ਇਨਸਾਫ਼ ਦੇ ਰਾਖੇ,
ਕੂੜ ਅਮਾਵਸ ਦੇ ਵਿੱਚ ਤਾਰੇ ਮਰ ਜਾਂਦੇ ਨੇ।

ਮੈਂ ਤਾਂ ਚੌਂਕੀਦਾਰ, ਅਵਾਜ਼ਾ ਦੇਣਾ ਹੀ ਹੈ,
ਸੌਂ ਜਾਂਦੇ ਨੇ ਮਾਲਕ, ਜਦ ਵੀ ਘਰ ਜਾਂਦੇ ਨੇ।

ਧਰਤੀ ਪੁੱਤਰ ਬਿਰਖ਼ ਖੜ੍ਹੇ ਨੇ ਧੁੱਪੇ, ਛਾਵੇਂ,
ਮਾਂ ਸਦਕੇ ਇਹ ਕਿੰਨੇ ਸਦਮੇ ਜਰ ਜਾਂਦੇ ਨੇ।

ਤੂੰ ਤੀਲ੍ਹੀ ਨੂੰ ਬਾਲ, ਮਸ਼ਾਲਾਂ ਲੈ ਕੇ ਤੁਰ ਪਉ,
ਗੂੜ੍ਹੇ ਨੇਰ੍ਹੇ ਇਸ ਤੋਂ ਅਕਸਰ ਤਰ ਜਾਂਦੇ ਨੇ।

*

ਗੁਲਨਾਰ- 108