ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਦ ਸਮੁੰਦਰ ਨਾਲ ਜਦੋਂ ਵੀ ਮਨ ਦਾ ਭਾਂਡਾ ਭਰ ਜਾਂਦਾ ਹੈ।
ਇਸ ਦੇ ਅੰਦਰ ਤਰਣ ਦੁਹੇਲਾ, ਸੋਚ ਸੋਚ ਮਨ ਡਰ ਜਾਂਦਾ ਹੈ।

ਮਾਰੂਥਲ ਵਿੱਚ ਖਿੜ ਜਾਂਦੇ ਨੇ, ਵਾਹਵਾ ਹੀ ਫੁੱਲ ਰੰਗ ਬਰੰਗੇ,
ਇੱਕ ਨਜ਼ਰ ਦਾ ਜਲਵਾ ਵੇਖੋ, ਕੈਸਾ ਜਾਦੂ ਕਰ ਜਾਂਦਾ ਹੈ।

ਜਲ ਦਾ ਭਰਮ ਨਜ਼ਰ ਨੂੰ ਪੈਂਦਾ, ਥਲ ਅੰਦਰ ਝਲਕਾਰੇ ਵਾਂਗੂੰ,
ਸ਼ਾਇਦ ਇਵੇਂ ਹੀ ਕੱਚਾ ਭਾਂਡਾ, ਪਾਰ ਝਨਾਂ ਨੂੰ ਤਰ ਜਾਂਦਾ ਹੈ।

ਸੱਤ ਸਮੁੰਦਰ ਡੂੰਘੇ ਨੈਣੀਂ, ਵੇਖੀਂ ਸੁਪਨਾ ਡੁੱਬ ਨਾ ਜਾਵੇ,
ਡਾਢਾ ਰੱਬ ਵੀ ਮਹਿੰਗੇ ਮੋਤੀ, ਹੰਝੂਆਂ ਦੇ ਵਿੱਚ ਧਰ ਜਾਂਦਾ ਹੈ।

ਰੂਹ ਵਾਲੇ ਦਰਬਾਰ 'ਚ ਦੀਵਾ, ਜਗਦਾ ਮਘਦਾ ਰੱਖੀਂ ਜਿੰਦੇ,
ਇਸ ਨੂੰ ਕਿਉਂ ਲਿਸ਼ਕਾਉਂਦੀ ਰਹਿੰਦੀ, ਜਿਸਮ ਬਿਨਾਂ ਤਾਂ ਸਰ ਜਾਂਦਾ ਹੈ।

ਹੋਰ ਕਿਸੇ ਨੂੰ ਕੀਟ ਪਤੰਗੇ, ਖ਼ੁਦ ਨੂੰ ਆਖੇਂ ਆਲਮ ਫ਼ਾਜ਼ਲ,
ਹੇ ਮਨ ਮੇਰੇ, ਸਾਵਧਾਨ ਹੋ, ਏਦਾਂ ਰਿਸ਼ਤਾ ਮਰ ਜਾਂਦਾ ਹੈ।

ਸਬਰ ਸਿਦਕ ਸੰਤੋਖ ਹਮੇਸ਼ਾਂ, ਵੀਰੋ ਮੇਰੇ ਅੰਗ ਸੰਗ ਰਹਿਣਾ,
ਸਾਥ ਸੁਹੇਲਾ ਹੋਵੇ ਜੇਕਰ, ਦਿਲ ਵੀ ਸਦਮੇ ਜਰ ਜਾਂਦਾ ਹੈ।

*

ਗੁਲਨਾਰ- 109