ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਤੂੰ ਵੇਖਣਾ ਹੈ ਏਥੇ ਤੇਰਾ ਦਰਦੀ ਹੈ ਕੌਣ?
ਅੱਖਾਂ ਮੀਟ ਵੇਖ ਕਿਹੜਾ ਆਉਂਦਾ ਦੁੱਖੜਾ ਵੰਡੌਣ।

ਤੇਰਾ ਕਿਸੇ ਨਾਲ ਹੋਣਾ ਕੀ ਵਿਰੋਧ ਨੂੰ ਗੰਡੋਇਆ,
ਸਾਡੇ ਤਾਂ ਹੀ ਬਹੁਤੇ ਵੈਰੀ ਸਾਡੀ ਗਿੱਠ ਲੰਮੀ ਧੌਣ।

ਸਾਨੂੰ ਕੰਡਿਆਂ ਦਾ ਤਾਜ ਹੀ ਹੰਢਾਉਣ ਦੇ ਭਰਾਵਾ,
ਆਖ ਰਾਜ ਭਾਗ ਵਾਲਿਆਂ ਨੂੰ ਸਾਨੂੰ ਨਾ ਬੁਲੌਣ।

ਸਾਡੀ ਧਰਤੀ ਪਲੀਤ, ਸਾਡੇ ਪਾਣੀਆਂ 'ਚ ਮੌਤ,
ਪੈਂਦੇ ਘਰ ਘਰ ਵੈਣ, ਵਗੇ ਜ਼ਹਿਰ ਭਿੱਜੀ ਪੌਣ।

ਖ਼ੌਰੇ ਕੈਸਾ ਹੈ ਵਿਕਾਸ, ਜਿੱਥੇ ਨੱਬੇ ਨੇ ਉਦਾਸ,
ਆਖ, ਘੜੀ ਮੁੜੀ ਸਾਨੂੰ ਕੂੜਾ ਗੀਤ ਨਾ ਸੁਣੌਣ।

ਤੁਸੀਂ ਜੰਮ ਜੰਮ ਲਾਲ ਕਿਲ੍ਹਾ ਭਗਵਾ ਰੰਗਾ ਲਉ,
ਸਭ ਵੇਖਦੀ ਤਾਰੀਖ਼ ਕਿਹੜੀ ਚਾਲ ਪਿੱਛੇ ਕੌਣ?

ਅਸੀਂ ਹਰ ਸਾਲ ਰਾਮ ਰਾਮ, ਰਾਮ-ਲੀਲ੍ਹਾ ਲਾਈਏ,
ਸਾਥੋਂ ਮਰਿਆ ਨਹੀਂ ਅੱਜ ਤੀਕ ਕਾਗਜ਼ਾਂ ਦਾ ਰੌਣ।

*

ਗੁਲਨਾਰ- 112