ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਨੇਤਰ ਜਾਗ ਪਿਆ ਤਾਂ ਭਰਮ-ਭੁਲੇਖਾ ਖੁਲ੍ਹ ਜਾਣਾ ਹੈ।
ਲਾਪ੍ਰਵਾਹੀਆਂ ਕਰਦੇ ਰਹੇ ਤਾਂ, ਸੋਨਾ ਰੇਤ ਵੀ ਰੁਲ ਜਾਣਾ ਹੈ।

ਤਾਕਤਵਰ ਨੂੰ ਭਰਮ ਕਿਉਂ ਹੈ, ਇਹ ਤਾਕਤ ਹੈ ਮੇਰੀ ਪੂੰਜੀ,
ਸੰਭਲਿਆ ਨਾ ਜੇਕਰ ਇਹ ਤਾਂ, ਘਿਉ ਵੀ ਰੇਤੇ ਡੁਲ੍ਹ ਜਾਣਾ ਹੈ।

ਦਿਲ ਦਾ ਸ਼ੀਸ਼ਾ ਤਰਲ ਪਦਾਰਥ, ਚੰਚਲ ਮਨ ਹੈ ਪਾਰੇ ਵਾਂਗੂੰ,
ਇਸ ਸ਼ੋਹਦੇ ਨੂੰ ਸਾਂਭ ਨਹੀਂ ਤਾਂ, ਪਿਆਰ ਦੀ ਤੱਕੜੀ ਤੁਲ ਜਾਣਾ ਹੈ।

ਸੁਰਮੇ ਰੰਗੀ ਬੱਦਲੀ ਕੋਲੋਂ, ਡਰ ਜਾਂਦਾ ਹਾਂ, ਕੰਬ ਜਾਂਦਾ ਹਾਂ,
ਕਹਿਰ ਵਰ੍ਹਾਏਗੀ ਇਹ ਜਦ ਇਸ ਅੰਬਰ ਦੇ ਵਿਚ ਘੁਲ ਜਾਣਾ ਹੈ।

ਮਾਨਸਰਾਂ ਤੋਂ ਹੰਸ ਉਡਾਵੇਂ, ਚੋਗਾ ਪਾ ਪਾ ਪਿੰਜਰੇ ਪਾਵੇਂ,
ਇਹ ਨਾ ਭੁੱਲੀਂ ਏਦਾਂ ਉੱਡਣ ਹਾਰਿਆਂ, ਉੱਡਣਾ ਭੁੱਲ ਜਾਣਾ ਹੈ।

ਰਾਤ ਹਨੇਰੀ ਝੱਖੜ ਝਾਂਜਾ, ਬਾਹਰ ਇਕੱਲਾ ਦੀਵਾ ਜਗਦਾ,
ਅੰਦਰ ਵੜ ਕੇ ਬੈਠ ਗਿਆ, ਕੱਲ੍ਹਿਆਂ ਉਸ ਹੋ ਗੁਲ ਜਾਣਾ ਹੈ।

ਆਪੋ ਧਾਪੀ ਦੇ ਇਸ ਦੌਰ 'ਚ ਗਿਆਨ-ਪੋਥੀਆਂ ਕਿਹੜਾ ਵਾਚੇ,
ਉੱਡਦੀ ਧੂੜ 'ਚ ਸ਼ਬਦ ਵਿਚਾਰਾ, ਏਸ ਤਰ੍ਹਾਂ ਹੀ ਰੁਲ ਜਾਣਾ ਹੈ।

*

ਗੁਲਨਾਰ- 113