ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ ਅਤੇ ਵਿਗਿਆਨ ਜਦੋਂ ਫਿਰ ਸੌਦਾ ਬਣ ਕੇ ਤੂੱਲ ਜਾਂਦਾ ਏ।
ਅਣਮੁੱਲੇ ਦਾ ਤੱਕੜੀ ਚੜ੍ਹ ਕੇ, ਕੁਝ ਕੌਡੀ ਹੋ ਮੁੱਲ ਜਾਂਦਾ ਏ।

ਹਰ ਬੰਦੇ ਦੇ ਵੱਸ ਨਹੀਂ ਹੁੰਦਾ ਪੱਥਰ 'ਚੋਂ ਭਗਵਾਨ ਤਰਾਸ਼ੇ,
ਸ਼ਿਲਪਕਾਰ ਦਾ ਤੀਜਾ ਨੇਤਰ ਆਪ ਮੁਹਾਰੇ ਖੁੱਲ੍ਹ ਜਾਂਦਾ ਏ।

ਦਿਲ ਦਰਿਆ ਹੈ ਜੰਦਰੇ ਅੰਦਰ, ਜਿਸ ਨੂੰ ਕਹਿਣ ਸਮੁੰਦਰੋਂ ਡੂੰਘਾ,
ਪਤਾ ਨਹੀਂ ਕਿਉਂ ਸੱਜਣ ਵੇਖਿਆਂ, ਬਿਨਾਂ ਚਾਬੀਓਂ ਖੁੱਲ੍ਹ ਜਾਂਦਾ ਏ।

ਪਹਿਲਾਂ ਕਣੀਆਂ ਮਗਰੋਂ, ਨ੍ਹੇਰੀ, ਜੜ੍ਹ ਤੋਂ ਹਿੱਲਣ ਫ਼ਸਲਾਂ ਬੂਟੇ,
ਖੜ੍ਹਾ ਖਲੋਤਾ ਖੇਤ ਸਬੂਤਾ, ਇੱਕੋ ਰਾਤ 'ਚ ਹੁੱਲ ਜਾਂਦਾ ਏ।

ਜੇ ਮਮਟੀ ਤੇ ਦੀਵਾ ਧਰੀਏ, ਉਸ ਦੀ ਆਪ ਹਿਫ਼ਾਜ਼ਤ ਕਰੀਏ,
ਉੱਚੀ ਥਾਂ ਤੇ ਜਗਦਾ ਜਗਦਾ, ਤੇਲ ਬਿਨਾਂ ਹੋ ਗੁੱਲ ਜਾਂਦਾ ਏ।

ਪੱਕੀਆਂ ਫ਼ਸਲਾਂ, ਕੱਚੇ ਕੋਠੇ, ਬਾਰਸ਼ ਵਿੱਚ ਜਦ ਢਹਿ ਨੇ ਜਾਂਦੇ,
ਮਰ ਮਰ ਮੁੜ ਕੇ ਜੰਮਣਾ ਪੈਂਦੈ, ਜਦ ਇਹ ਝੱਖੜ ਝੁੱਲ ਜਾਂਦਾ ਏ।

ਗਰਬ ਗੁਬਾਰਾ ਸ਼ਾਨਾਂ ਵਾਲਾ, ਉੱਡਣਾ ਚਾਹੁੰਦਾ ਅੰਬਰ ਵੱਲੇ,
ਗੈਸ ਭਰੀ ਤੇ ਇਹ ਕਮਜ਼ੋਰਾ, ਗਰਦਨ ਤੀਕਰ ਫ਼ੂੱਲ ਜਾਂਦਾ ਏ।

ਗੁਲਨਾਰ- 114