ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਣ ਮਿਣ ਕਣੀਆਂ ਧਰਤ ਉਡੀਕੇ, ਜਾਨਾਂ ਔੜ ਸੁਕਾਈਆਂ ਨੇ।
ਪੌਣਾਂ ਤੇ ਅਸਵਾਰ ਬਦਲੀਆਂ, ਦੱਸ ਤੂੰ ਕਿੱਧਰ ਧਾਈਆਂ ਨੇ।

ਤਨ ਦੀ ਪਿਆਸ ਮਿਟਾਵਣ ਖ਼ਾਤਰ ਵਰ੍ਹ ਜਾਵੇਗਾ ਬੱਦਲ ਤਾਂ,
ਮੇਰੀ ਰੂਹ ਤੇ ਦਰਦ ਵਿਛੋੜੇ, ਇਹ ਕਿਉਂ ਲੀਕਾਂ ਲਾਈਆਂ ਨੇ।

ਸੁੱਕ ਚੱਲੇ ਨੇ ਮਾਨਸਰੋਵਰ, ਮਨ ਦੇ ਨਿੱਤਰੇ ਪਾਣੀ ਵੀ,
ਕੰਢਿਆਂ ਉੱਤੇ ਵੇਖ ਕਿਵੇਂ ਆਹ ਹੰਸਣੀਆਂ ਤਿਰਹਾਈਆਂ ਨੇ।

ਯਾਦਾਂ ਬੰਨ੍ਹ ਕਤਾਰਾਂ ਆਈਆਂ, ਇਹ ਕੀ ਹੋਇਆ ਮੇਰੇ ਨਾਲ,
ਬਚਪਨ ਰੁੱਤ ਦੇ ਨਕਸ਼ ਪੁਰਾਣੇ, ਕੂੰਜਾਂ ਲੈ ਕੇ ਆਈਆਂ ਨੇ।

ਤੇਰੀ ਮੇਰੀ ਪ੍ਰੀਤ ਕਦੇ ਵੀ ਜਿਸਮਾਂ ਦੀ ਮੋਹਤਾਜ ਨਹੀਂ,
ਮਨ ਦੀ ਖੁਸ਼ਕ ਬਰੇਤੀ ਉੱਤੇ, ਇਹ ਕਿਸ ਪੈੜਾਂ ਪਾਈਆਂ ਨੇ।

ਮੈਂ ਜੰਗਲ ਨੂੰ ਕਿਉਂ ਜਾਣਾ ਸੀ, ਤੇਰੇ ਹੁੰਦਿਆਂ ਖੁਸ਼ਬੋਈਏ,
ਮਿਰਗ ਕਥੂਰੀ ਮੇਰੇ ਅੰਦਰ, ਤਾਂ ਹੀ ਚੁੰਗੀਆਂ ਲਾਈਆਂ ਨੇ।

ਹੁਣ ਤਾਂ ਤੇਰੀ ਰੂਹ ਦਾ ਚਾਨਣ, ਵਾਹਵਾ ਚਾਰ ਚੁਫ਼ੇਰੇ ਹੈ,
ਤੈਥੋਂ ਪਹਿਲਾਂ ਮੱਸਿਆ ਜਹੀਆਂ, ਰਾਤਾਂ ਬਹੁਤ ਲੰਘਾਈਆਂ ਨੇ।

*

ਗੁਲਨਾਰ- 115