ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਟੇ ਦੀ ਇੱਕ ਲੱਪ ਦੇ ਬਦਲੇ ਵਿਕਦੇ ਰਹੀਏ।
ਲੀਹ ਤੋਂ ਲਹਿ ਗਏ ਸਾਡੇ ਜੀ ਅਣਖ਼ਾਂ ਦੇ ਪਹੀਏ।

ਤੇਰੇ ਸਿਰ ਅਸਮਾਨ ਖੜ੍ਹਾ ਛੱਡ ਭਰਮ ਭੁਲੇਖਾ,
ਸੁਣ ਨੀ ਚਤੁਰ ਚਲਾਕੋ ਕਿਸੇ ਟਟੀਹਰੀ ਜਹੀਏ।

ਅੰਨ੍ਹੇ ਗੁੰਗੇ ਬੋਲ਼ੇ ਹੋ ਗਏ ਕੁਰਸੀਆਂ ਵਾਲੇ,
ਸੁਣਦੇ ਨਾ ਫ਼ਰਿਆਦ ਭਲਾ ਜੀ, ਕਿਸ ਨੂੰ ਕਹੀਏ।

ਇੱਕ ਥਾਂ ਖੜ੍ਹੇ ਖਲੋਤੇ ਰਹਿਣਾ, ਮੌਤ ਬਰਾਬਰ,
ਵਗਦੇ ਦਰਿਆ ਵਾਂਗੂ ਆਪਾਂ ਤੁਰਦੇ ਰਹੀਏ।

ਇੱਕ ਦੂਜੇ ਨੂੰ ਧੁੱਪੇ ਸੁੱਟ ਕੇ ਵੇਖ ਲਿਆ ਏ,
ਆ ਜਾ ਦੋਵੇਂ ਇੱਕ ਦੂਜੇ ਦੀ ਛਾਵੇਂ ਬਹੀਏ।

ਦਰਦ ਪਰੁੱਚਿਉ ਜਾਗੋ, ਰਲ ਕੇ ਹੰਭਲਾ ਮਾਰੋ,
ਜ਼ੋਰਾਵਰ ਦੇ ਜ਼ੋਰ ਜ਼ੁਲਮ ਨੂੰ, ਹੁਣ ਨਾ ਸਹੀਏ।

ਬਾਬਾ ਨਾਨਕ ਜੋ ਲਿਖਿਆ, ਕੰਧਾਂ ਤੋਂ ਪੜ੍ਹ ਕੇ,
ਦੂਸਰਿਆਂ ਦੀ ਸੁਣੀਏ, ਆਪਣੇ ਦਿਲ ਦੀ ਕਹੀਏ।

*

ਗੁਲਨਾਰ- 12