ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਡਣ ਖਟੋਲੇ ਵਾਲੇ ਭਾਈ ਭੁੱਲ ਗਏ ਨੇ ਪਗਡੰਡੀਆਂ ਨੂੰ।
ਪਿੰਡਾਂ ਵਾਲੇ ਝੂਰ ਰਹੇ ਨੇ, ਵੇਖ ਵੇਖ ਕੇ ਝੰਡੀਆਂ ਨੂੰ।

ਅਮਰੀਕਾ ਤੋਂ ਦਿੱਲੀ ਥਾਣੀਂ ਮਾਲ ਪਲਾਜ਼ੇ ਆ ਗਏ ਨੇ,
ਬੁਰਕੀ ਬੁਰਕੀ ਕਰਕੇ ਖਾ ਗਏ ਨਿੱਕੀਆਂ ਨਿੱਕੀਆਂ ਮੰਡੀਆਂ ਨੂੰ।

ਜਿੱਤਣ ਵਾਲੇ ਦਿੱਲੀ ਤੁਰ ਗਏ, ਲੋਕ ਵਿਚਾਰੇ ਹਾਰ ਗਏ,
ਜਿੱਤਾਂ ਹਾਰਾਂ ਕਿਸ ਭਾਅ ਪਈਆਂ, ਭੈਣਾਂ ਹੋਈਆਂ ਰੰਡੀਆਂ ਨੂੰ।

ਅਗਲਾ ਜਨਮ ਸੰਵਾਰਨ ਖ਼ਾਤਰ, ਅੱਜ ਨੂੰ ਗੁਮਰਾਹ ਕਰਦੇ ਨੇ,
ਧਰਮ ਦੇ ਨਾਂ ਤੇ ਇਹ ਕੀਹ ਵੇਚਣ, ਪੁੱਛੇ ਕੌਣ ਪਾਖੰਡੀਆਂ ਨੂੰ।

ਧਰਮ ਤਰਾਜ਼ੂ ਦੇ ਵਿਚ ਕਿੱਦਾਂ ਸੀਸ ਤੁਲਾਏ ਧਰਮੀਆਂ ਨੇ,
ਅਗਨ ਸੁਨੇਹਾ ਅੱਜ ਵੀ ਚੇਤੇ ਨਨਕਾਣੇ ਦੀਆਂ ਜੰਡੀਆਂ ਨੂੰ।

ਸ਼ੇਰਾਂ ਦੇ ਪੁੱਤ ਸੰਗਲੀ ਬੱਧੇ, ਕਰਨ ਗੁਲਾਮੀ ਗਰਜ਼ਾਂ ਦੀ,
ਖਾ ਜਾਵੇਗਾ ਹੌਲੀ ਹੌਲੀ ਇਹ ਜ਼ਰ ਤੇਗਾਂ ਚੰਡੀਆਂ ਨੂੰ।

ਅਗਲਾ ਪਿਛਲਾ ਲੇਖਾ ਜੋਖਾ ਲੈ ਲੈਣਾ ਏਂ ਗਿਣ ਮਿਣ ਕੇ,
ਜਿਸ ਦਿਨ ਸਾਡਾ ਹੱਥ ਪੈ ਗਿਆ, ਸਿੱਧਾ ਜ਼ਾਲਮ ਘੰਡੀਆਂ ਨੂੰ।

*













8

ਗੁਲਨਾਰ- 122