ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਕਤ ਹਮੇਸ਼ਾ ਸਾਨੂੰ ਸਭ ਨੂੰ, ਇੱਕੋ ਹੀ ਗੱਲ ਕਹਿੰਦਾ ਹੈ।
ਸੂਰਜ ਜੀਕੂੰ ਇੱਕ ਥਾਂ ਚੜ੍ਹਦਾ, ਦੂਜੀ ਉੱਤੇ ਲਹਿੰਦਾ ਹੈ।

ਗਿਆਨ ਦੇ ਸਾਗਰ ਮਾਣਕ ਮੋਤੀ, ਲੱਭਣੇ ਅੱਗੇ ਵੰਡ ਦੇਣੇ,
ਅਜ਼ਲਾਂ ਤੋਂ ਵਡਪੁਰਖਿਆਂ ਦਾ ਫੁਰਮਾਨ ਇਹੋ ਹੀ ਕਹਿੰਦਾ ਹੈ।

ਹਰ ਕਿਸ਼ਤੀ ਨੂੰ ਪਾਰ ਕਿਨਾਰੇ ਲਾਉਣਾ ਹੀ ਤਾਂ ਜੀਵਨ ਹੈ,
ਇਹ ਜ਼ਿੰਦਗਾਨੀ ਵਗਦਾ ਦਰਿਆ ਕਦੋਂ ਟਿਕਾਅ ਵਿਚ ਰਹਿੰਦਾ ਹੈ।

ਨੇਰ੍ਹ ਮਿਟਾਵਣ ਖ਼ਾਤਰ ਦੀਵੇ ਜਗਦੇ ਮਘਦੇ ਰਾਤਾਂ ਨੂੰ,
ਨੂਰ ਇਲਾਹੀ ਸਬਕ ਪੜ੍ਹਾਵੇ, ਸੁਣ ਲਉ ਇਹ ਕੀ ਕਹਿੰਦਾ ਹੈ?

ਤੂੰ ਘਣਛਾਵੀਂ ਛਤਰੀ ਬਣ ਜਾ, ਧੁੱਪੇ ਛਾਵਾਂ ਵੰਡੀ ਜਾਹ,
ਨਾ ਅੱਕੀਂ ਨਾ ਥੱਕੀਂ ਵੀਰਾ, ਬਿਰਖ਼ ਕਦੋਂ ਦੱਸ ਬਹਿੰਦਾ ਹੈ।

ਕੱਚੀ ਮਿੱਟੀ ਬਾਲ ਬਚਪਨਾ ਰੂਪ ਸਰੂਪ ਸੰਵਾਰਨ ਲਈ,
ਸਿਰਜਣਹਾਰ ਵੀ ਸਾਡੇ ਬਾਝੋਂ ਦੱਸ ਤੂੰ ਕਿਸ ਨੂੰ ਕਹਿੰਦਾ ਹੈ।

ਸਫ਼ਰ ਨਿਰੰਤਰ ਕਰਦੇ ਕਰਦੇ ਮਿਲਣਾ ਫੇਰ ਵਿਛੜ ਜਾਣਾ,
ਖੁਸ਼ਬੋਈ ਦਾ ਸਾਥ ਸਦੀਵੀ ਅੰਗ ਸੰਗ ਸਾਡੇ ਰਹਿੰਦਾ ਹੈ।

*

ਗੁਲਨਾਰ- 124