ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨ ਦੀ ਬਸਤੀ, ਵੇਖਣ ਨੂੰ ਤਾਂ, ਉੱਸਰੀ ਹੈ, ਆਬਾਦ ਨਹੀਂ।
ਏਸੇ ਕਰਕੇ ਇਨਕਲਾਬ ਅੱਜ, ਓਨਾ ਜ਼ਿੰਦਾਬਾਦ ਨਹੀਂ।

ਬਾਗਾਂ ਵਾਲੇ ਬਾਗਬਾਨ ਸਭ ਠੇਕੇਦਾਰ ਬਣਾ ਸੁੱਟੇ,
ਬਿਰਖ਼ ਬਰੂਟੇ ਉੱਜੜ ਚੱਲੇ, ਮਾਲੀ ਨੂੰ ਕੁਝ ਯਾਦ ਨਹੀਂ।

ਵਤਨ ਮੇਰੇ ਵਿਚ ਧੀਆਂ ਪੁੱਤਰ, ਇੱਕ ਵੀ ਰਹਿਣਾ ਚਾਹੁੰਦਾ ਨਹੀਂ,
ਕਿਹੜਾ ਕਹਿੰਦਾ ਸੋਨ ਚਿੜੀ ਨੂੰ, ਹੋਈ ਇਹ ਬਰਬਾਦ ਨਹੀਂ।

ਸਾਡੇ ਪਿੰਡ ਦਾ ਗੁੜ ਤੇ ਸ਼ੱਕਰ, ਜਦ ਤੋਂ ਮੰਡੀ ਆ ਬੈਠਾ,
ਆਪਣਾ ਮੰਨ ਕੇ ਖਾ ਲੈਂਦਾ ਪਰ ਪਹਿਲਾਂ ਵਾਂਗ ਸਵਾਦ ਨਹੀਂ।

ਤਨ ਤੇ ਮਨ ਨੂੰ ਕਿੰਨੀ ਵਾਰੀ, ਅਗਨ ਕੁਠਾਲੀ ਪਾਇਆ ਹੈ,
ਮੇਰਾ ਨਿਸ਼ਚਾ ਐਵੇਂ ਕਿਧਰੇ, ਬਣਿਆ ਤਾਂ ਫ਼ੌਲਾਦ ਨਹੀਂ।

ਸੂਰਮਿਆਂ ਦੇ ਵਾਰਿਸ ਕਿੰਨੇ, ਟੋਡੀ ਲੁਕਦੇ ਫਿਰਦੇ ਨੇ,
ਕਿੰਜ ਕਹਿੰਦੇ ਹੋ, ਭਗਤ, ਸਰਾਭੇ, ਊਧਮ ਦੀ ਔਲਾਦ ਨਹੀਂ।

ਹੇ ਗੁਰ ਮੇਰੇ, ਰਾਗ ਰਤਨ ਦੀ ਸੋਝੀ ਸਾਥੋਂ ਗੁੰਮ ਚੱਲੀ,
ਰਸਨਾ ਗਾਵੇ, ਪਰ ਨਾ ਆਵੇ, ਮਨ ਅੰਦਰ ਵਿਸਮਾਦ ਨਹੀਂ।

*

ਗੁਲਨਾਰ- 126