ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉੱਸਲਵੱਟੇ ਲੈਂਦਿਆਂ ਰਾਤ ਗੁਜ਼ਾਰ ਲਈ ਹੈ।
ਤੇਰੀ ਚੁੱਪ ਦੀ ਕਿੰਨੀ ਕੀਮਤ ਤਾਰ ਲਈ ਹੈ।

ਅੱਗ ਦਾ ਦਰਿਆ ਅੱਗੜ ਪਿੱਛੜ ਸੱਜੇ ਖੱਬੇ,
ਕਾਗਜ਼ ਦੀ ਬੇੜੀ ਮੈਂ ਇਸ ਵਿਚ ਤਾਰ ਲਈ ਹੈ।

ਸੇਰ ਕੁ ਆਟਾ, ਲੱਪ ਕੁ ਦਾਲਾਂ, ਬੱਸ ਏਨੇ ਵਿੱਚ,
ਅਣਖ਼ ਜਿਉਂਦੇ ਜੀਅ ਕਿਉਂ ਏਦਾਂ ਮਾਰ ਲਈ ਹੈ।

ਵਡਪੁਰਖੇ ਦਾ ਪਰਚਮ ਲੈ ਕੇ ਹੁਣ ਨਹੀਂ ਬਹਿਣਾ,
ਮੈਂ ਵੀ ਅੱਜ ਤੋਂ ਪੱਕੀ ਮਨ ਵਿਚ ਧਾਰ ਲਈ ਹੈ।

ਇਕ ਵਾਰੀ ਟੁਣਕਾ ਕੇ ਰੂਹ ਦਾ ਸਾਜ਼ ਕੁੰਵਾਰਾ,
ਤੂੰ ਵੀ ਮੁੜ ਕੇ ਕਿੱਥੇ ਸਾਡੀ ਸਾਰ ਲਈ ਹੈ।

ਤੂੰ ਕਿਧਰੇ ਵੀ ਬਹਿ ਜਾ, ਮੇਰੇ ਮਗਰੋਂ ਲਹਿ ਜਾ,
ਰੂਹ ਦਾ ਪਲੰਘ ਨਵਾਰੀ ਮੇਰੇ ਯਾਰ ਲਈ ਹੈ।

ਦਿਲ ਦੀ ਤਾਰ ਤਣੀ ਹੈ, ਆ ਜਾ, ਕੁਝ ਪਲ ਬਹਿ ਜਾ,
ਕਿੰਨੀ ਬਿਹਬਲ ਇਹ ਯਾਦਾਂ ਦੀ ਡਾਰ ਲਈ ਹੈ।

*

ਗੁਲਨਾਰ- 13