ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੁਗ ਜੁਗ ਜੀਵੋ ਮੇਰੇ ਪੁੱਤਰੋ ਪਿਆਰਿਉ।
ਮਹਿਕਦੇ ਗੁਲਾਬ ਲੱਦੇ ਫੁੱਲਾਂ ਦੇ ਕਿਆਰਿਉ।

ਲੱਗੇ ਨਾ ਸਿਉਂਕ ਰੱਖੋ ਜੜ੍ਹਾਂ ਦੀ ਸਲਾਮਤੀ,
ਜ਼ਿੰਦਗੀ ਦੀ ਜੰਗ ਜਿੱਤੋ ਕਦੇ ਵੀ ਨਾ ਹਾਰਿਉ।

ਪਹਿਲਾਂ ਹਥਿਆਰ ਹੁਣ ਨਸ਼ਿਆਂ ਦੀ ਮਾਰ ਹੈ,
ਵੈਰੀਆਂ ਦੀ ਚਾਲ ਰਲ ਮਿਲ ਕੇ ਨਿਵਾਰਿਉ।

ਰਣਭੂਮੀ ਜ਼ਿੰਦਗੀ ਤੇ ਫ਼ਤਿਹ ਪਾਉਣੀ ਲਾਜ਼ਮੀ,
ਪੁੱਤਰੋ ਗੋਬਿੰਦ ਦਿਉ ਹੌਸਲਾ ਨਾ ਹਾਰਿਉ।

ਤਲੀ ਤੇ ਲਕੀਰਾਂ ਪਿੱਛੇ ਲੱਗਦੇ ਨਿਕੰਮੇ ਲੋਕ,
ਜਿੱਤਦੇ ਜੁਝਾਰ ਸਦਾ ਨਿਸ਼ਚੇ ਨੂੰ ਧਾਰਿਉ।

ਬਾਬਰਾਂ ਤੇ ਜਾਬਰਾਂ ਨੂੰ ਤੋੜ ਕੇ ਜਵਾਬ ਦੇਣਾ,
ਪਾਪ ਵਾਲੀ ਜੰਝ ਚੜ੍ਹੀ, ਅੱਗੇ ਹੋ ਵੰਗਾਰਿਉ।

ਲੋੜ ਵੇਲੇ ਸੱਚ ਨੂੰ ਹੀ ਬੋਲਣਾ ਈਮਾਨ ਹੈ,
ਹੱਕ ਦੀ ਲੜਾਈ ਲੜੋ, ਤੇਗ ਦੇ ਦੁਲਾਰਿਉ।

*

ਗੁਲਨਾਰ- 131