ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

... ਕਸ਼ਮੀਰ ਤੋਂ ਪਰਤ ਕੇ

ਪਿਆਰ ਦੇ ਪਿਆਰਿਆਂ ਲਈ ਹਾਸੇ ਤੇ ਦਿਲਾਸੇ ਹੋਣ।
ਧਰਤੀ ਦੇ ਲੋਕ ਕਿਤੇ ਕਦੇ ਨਾ ਬੇਆਸੇ ਹੋਣ।

ਤੇਰਿਆਂ ਚਿਨਾਰਾਂ ਦੀਆਂ ਸਿਖ਼ਰਾਂ ਨੂੰ ਰੱਬ ਰੱਖੇ,
ਕੇਸਰ ਕਿਆਰੀਆਂ 'ਚ ਮਣਾਂ ਮੂੰਹੀਂ ਹਾਸੇ ਹੋਣ।

ਬੱਗੂਗੋਸ਼ੇ, ਸੇਬ ਤੇਰੇ, ਜੀਣ ਅਖਰੋਟ ਬੂਟੇ,
ਪੌਣ ਲੰਘੇ ਪੱਤਿਆਂ 'ਚੋਂ ਗੀਤ ਚਾਰੇ ਪਾਸੇ ਹੋਣ।

ਤੇਰਾ ਪਸ਼ਮੀਨਾ ਕਰੇ ਨਿੱਘ ਨਾਲ ਸੀਨਾ ਚੌੜਾ,
ਬੁਣਕਰ ਹੱਥ ਵਿਚ, ਕਦੇ ਵੀ ਨਾ ਕਾਸੇ ਹੋਣ।

ਵੈਰੀ ਨਾਗ ਚਸ਼ਮੇ 'ਚੋਂ ਵਹਿਣ ਪਈਆਂ ਸੱਤੇ ਸੁਰਾਂ,
ਆਸ ਪਾਸ ਵੱਸਦੇ ਸਾਜ਼ਿੰਦੇ ਨਾ ਉਦਾਸੇ ਹੋਣ।

ਰੱਬ ਨੇ ਬਣਾਇਆ ਕਹਿੰਦੇ ਆਪ ਕਸ਼ਮੀਰ ਹੱਥੀਂ,
ਇਹਦੇ ਪੁੱਤ ਧੀਆਂ ਭਲਾ, ਇੰਜ ਕਿਉਂ ਪਿਆਸੇ ਹੋਣ।

ਜਿਹੜੇ ਹੱਥਾਂ ਵਿਚ ਬੰਦੂਕਾਂ ਗਾਉਣ ਮਾਰੂ ਰਾਗ,
ਸੁਰਗਾਂ ਦੀ ਧਰਤੀ ਤੋਂ ਆਖ ਦਿਉ ਪਾਸੇ ਹੋਣ।

*

ਗੁਲਨਾਰ- 132