ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਸਾਹਾਂ ਜੇ ਕੁਝ ਤਾਜ਼ਗੀ ਹੈ।
ਇਹ ਤੇਰੇ ਇਸ਼ਕ ਦੀ ਦਰਿਆਦਿਲੀ ਹੈ।

ਨਿਦੋਸ਼ਾ ਤੇਗ ਤੋਂ ਡਰਿਆ ਨਹੀਂ ਜੇ,
ਭਰਾਉ, ਇਹੀ ਤਾਂ ਮਰਦਾਨਗੀ ਹੈ।

ਮੁਸੀਬਤ ਆਉਣ ਤੇ ਵੀ ਮੁਸਕਰਾਉਣਾ,
ਮਿਲੀ ਵਿਰਸੇ 'ਚ ਏਹੀ ਸਾਦਗੀ ਹੈ।

ਮਿਲੇ ਤਾਂ ਮਹਿਕ ਵਾਂਗੂੰ ਫ਼ੈਲ ਜਾਓ,
ਅਸਲ ਵਿਚ ਏਸ ਦਾ ਨਾਂ ਬੰਦਗੀ ਹੈ।

ਮੈਂ ਬਾਜ਼ੀ ਜਾਨ ਦੀ ਲਾਈ ਹੈ, ਫਿਰ ਵੀ,
ਤੇ ਹਾਲੇ ਸਮਝਦੈਂ ਇਹ ਦਿਲਲਗੀ ਹੈ।

ਮੈਂ ਹੁੰਦਾ ਜ਼ੁਲਮ ਵੇਖਾਂ, ਚੁੱਪ ਬੈਠਾਂ,
ਤੇ ਇਸ ਤੋਂ ਵੱਧ ਕਿਹੜੀ ਬੁਜ਼ਦਿਲੀ ਹੈ।

ਚਲੋ ਉਥੇ ਵੀ ਕਲਮਾਂ ਬੀਜ ਆਈਏ,
ਜਿਹੜੇ ਰਾਹੀਂ ਅਜੇ ਵੀਰਾਨਗੀ ਹੈ।

*

ਗੁਲਨਾਰ- 134