ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰ ਥਾਂ ਹਾਜ਼ਰ ਨਾਜ਼ਰ ਤੂੰ ਹੀ, ਫੁੱਲ ਕਲੀਆਂ ਖੁਸ਼ਬੋਈਆਂ ਅੰਦਰ।
ਲੱਭਦੇ ਲੱਭਦੇ ਹਾਰ ਗਏ ਹਾਂ, ਗੁਰ ਘਰ, ਮਸਜਿਦ ਮੰਦਰ ਅੰਦਰ।

ਬਿਨ ਬੋਲੇ ਤੂੰ ਜਾਨਣਹਾਰੀ, ਰੂਹ ਮੇਰੀ ਦੇ ਚਾਨਣ ਜਹੀਏ,
ਖ਼ੁਦ ਹੀ ਦੱਸ ਦੇ ਇਸ ਵੇਲੇ ਹੈ, ਕੀ ਕੁਝ ਤੁਰਦਾ ਦਿਲ ਦੇ ਅੰਦਰ।

ਨੈਣ ਤੇਰੇ ਦੋ ਜਗਦੇ ਦੀਵੇ, ਪਿੱਛੇ ਹੰਝੂ ਪਲਕੀਂ ਡੱਕੇ,
ਅੱਗ ਤੇ ਪਾਣੀ ਇੱਕੋ ਭਾਂਡੇ, ਰੱਬ ਕਿੰਜ ਪਾਇਆ ਤੇਰੇ ਅੰਦਰ।

ਤਪਦੀ ਧਰਤੀ ਉੱਤੇ ਵਰ੍ਹ ਜਾ, ਸਾਡੀ ਰੂਹ ਨੂੰ ਜਲਥਲ ਕਰ ਜਾ,
ਅੱਖੀਆਂ ਵਿਚਲਾ ਤਲਖ਼ ਸਮੁੰਦਰ, ਢੇਰੀ ਕਰ ਜਾਹ ਮੇਰੇ ਅੰਦਰ।

ਤੂੰ ਹਿਰਨੀ ਦੀ ਨਾਭੀ ਅੰਦਰ, ਮਹਿਕ ਰਹੀ ਕਸਤੂਰੀ ਬਣਕੇ,
ਕਿੱਦਾਂ ਦੱਸਾਂ ਖੁਸ਼ਬੂ ਜੇਹੀਏ, ਕੀ ਕੁਝ ਛੁਪਿਆ ਤੇਰੇ ਅੰਦਰ।

ਹਰ ਹੀਰਾ ਹੀ ਪੱਥਰ ਹੁੰਦਾ, ਹਰ ਪੱਥਰ ਨਹੀਂ ਹੁੰਦਾ ਹੀਰਾ,
ਜੌਹਰੀ ਦੀ ਅੱਖ ਤੁਰਤ ਪਛਾਣੇ, ਫ਼ਰਕ ਭਲਾ ਕੀ ਦੋਹਾਂ ਅੰਦਰ।

ਮੋਤੀ ਚੁਗਣੇ ਮਾਨਸਰਾਂ ਦੇ, ਕਾਵਾਂ ਦੇ ਭਾਗਾਂ ਵਿੱਚ ਕਿੱਥੇ,
ਕਾਗੋਂ ਹੰਸ ਬਣਾ ਦੇ ਮੈਨੂੰ, ਇਹ ਸ਼ਕਤੀ ਹੈ ਤੇਰੇ ਅੰਦਰ।

*

ਗੁਲਨਾਰ- 136