ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆਰ ਦੇ ਪੁਜਾਰੀਆਂ ਦੀ ਵੱਖਰੀ ਹੀ ਤੋਰ ਹੈ।
ਗ਼ਰਜ਼ਾਂ ਦੀ ਪੈਸੇ ਵਾਲੀ ਦੁਨੀਆਂ ਹੀ ਹੋਰ ਹੈ।

ਜ਼ਾਲਮਾਂ ਦੇ ਹੱਥ ਵਿਚ ਤੀਰ ਤੇ ਕਮਾਨ ਹੈ,
ਇਨ੍ਹਾਂ ਦਾ ਨਿਸ਼ਾਨਾ ਸਦਾ ਪੈਲ ਪਾਉਂਦਾ ਮੋਰ ਹੈ।

ਰੱਬ ਨੇ ਪਰੋਏ ਤਾਂ ਸੀ ਮਾਲਾ ਵਿਚ ਘੁੰਗਰੂ,
ਟੁੱਟ ਗਈ ਹੈ ਤੰਦ, ਰੁਲ਼ੇ ਕੱਲ੍ਹਾ ਕੱਲ੍ਹਾ ਬੋਰ ਹੈ।

ਕੂੜਾ ਧਨ ਮਾਲ ਸਾਨੂੰ ਧਰਮਾਂ ਨੇ ਦੱਸਿਆ,
ਏਸੇ ਨੂੰ ਫੜਾਈ ਅਸਾਂ ਜ਼ਿੰਦਗੀ ਦੀ ਡੋਰ ਹੈ।

ਬਹੁਤੀ ਵਾਰੀ ਟੁੱਟ ਜਾਈਏ, ਖ਼ੁਦ ਨਾਲੋਂ ਆਪ ਹੀ,
ਤਨ ਕਿਤੇ ਹੋਰ ਫਿਰੇ ਮਨ ਕਿਤੇ ਹੋਰ ਹੈ।

ਚੱਲ ਓ ਭਰਾਵਾ ਪਹਿਲਾਂ ਉਸ ਨੂੰ ਹੀ ਮਾਰੀਏ,
ਤੇਰੇ ਮੇਰੇ ਮਨ ਵਿਚ ਬੈਠਾ ਜਿਹੜਾ ਚੋਰ ਹੈ।

ਚੁੰਨੀ ਸੁਰਮਈ ਵੇਖ ਅੰਬਰਾਂ 'ਚ ਸੁੱਕਦੀ,
ਸੂਰਜੇ ਚੁਫ਼ੇਰ ਲਾਈ ਧੁੱਪ ਰੰਗੀ ਕੋਰ ਹੈ।

*

ਗੁਲਨਾਰ- 137