ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੇ ਨਾਲ ਗੁਜ਼ਾਰੀਆਂ ਰਾਤਾਂ ਭੁੱਲਦੀਆਂ ਨਹੀਂ,
ਧੁੱਪਾਂ ਛਾਵਾਂ ਤੇ ਬਰਸਾਤਾਂ ਭੁੱਲਦੀਆਂ ਨਹੀਂ।

ਓਸ ਬਿਰਖ਼ ਦੀ ਛਾਂ ਵੀ ਮੈਨੂੰ ਚੇਤੇ ਹੈ,
ਪਹਿਲ ਪਲੇਠੀਆਂ ਉਹ ਮੁਲਾਕਾਤਾਂ ਭੁੱਲਦੀਆਂ ਨਹੀਂ।

ਘਾਹ ਦੀ ਤਿੜ ਦੇ ਛੱਲੇ, ਛਾਪਾਂ, ਮੁੰਦਰੀਆਂ,
ਵਡਮੁੱਲੀਆਂ ਉਹ ਅਜਬ ਸੁਗਾਤਾਂ ਭੁੱਲਦੀਆਂ ਨਹੀਂ।

ਸਾਨੂੰ ਸ਼ੱਕ ਸੀ ਤਾਰੇ ਗੱਲਾਂ ਸੁਣਦੇ ਨੇ,
ਅਣਕਹੀਆਂ ਅਣਸੁਣੀਆਂ ਬਾਤਾਂ ਭੁੱਲਦੀਆਂ ਨਹੀਂ।

ਚੇਤੇ ਕਰਦਾਂ, ਦਿਲ ਤਾਂ ਹੁਣ ਵੀ ਭਰਦਾ ਹੈ,
ਅੱਖੀਆਂ ਨੂੰ ਉਹ ਪਹਿਲੀਆਂ ਝਾਤਾਂ ਭੁੱਲਦੀਆਂ ਨਹੀਂ।

ਗੁੰਗੇ ਤੋਤੇ ਨੂੰ ਤੂੰ ਬੋਲਣ ਲਾਇਆ ਸੀ,
ਦਾਤਾ ਤੇਰੀਆਂ ਮਹਿੰਗੀਆਂ ਦਾਤਾਂ ਭੁੱਲਦੀਆਂ ਨਹੀਂ।

ਤਖ਼ਤੀ ਲਿਖਦੇ, ਡੋਬੇ ਲੈਣਾ, ਲੜ ਪੈਣਾ,
ਬਚਪਨ ਵਾਲੀਆਂ ਕਲਮ ਦਵਾਤਾਂ ਭੁੱਲਦੀਆਂ ਨਹੀਂ।

ਗੁਲਨਾਰ- 143