ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਨਪੜ੍ਹ ਪੱਥਰ ਵਾਂਗ ਪਿਆ ਸਾਂ, ਮੈਂ ਵੀ ਹੀਰਾ ਬਣਨਾ ਚਾਹਿਆ।
ਖ਼ੁਦ ਨੂੰ ਆਪ ਤਰਾਸ਼ ਨਾ ਸਕਿਆ, ਕਲਾਕਾਰ ਨਾ ਛੱਲਿਆ ਲਾਹਿਆ।

ਹੀਰਾ ਜਨਮ ਗੁਆਚ ਗਿਆ ਹੈ, ਐਵੇਂ ਮਿੱਟੀ ਘੱਟਾ ਫੱਕਦੇ,
ਧਰਤ ਆਕਾਸ਼, ਪਾਤਾਲ ਬੜਾ ਕੁਝ, ਅੱਖ ਪਲਕਾਰੇ ਅੰਦਰ ਗਾਹਿਆ।

ਜੇ ਨਾ ਬੀਬੀ ਪੂਣੀਆਂ ਵੱਟਦੀ, ਰੂੰ ਦੇ ਗੋਹੜੇ ਉੱਡ ਪੁੱਡ ਜਾਂਦੇ,
ਇਹ ਜਿਹੜੀ ਸੁਣਦੀ ਏ ਘੂਕਰ, ਲੱਗਦੈ ਮਾਂ ਨੇ ਚਰਖ਼ਾ ਡਾਹਿਆ।

ਇਹ ਨਾ ਦੱਸਿਆ ਜਾਣ ਵਾਲਿਆਂ, ਦਿਲ ਦੀ ਨਰਮ ਸੁਲੇਟ ਦੇ ਉੱਤੇ,
ਪਹਿਲਾਂ ਹਰਫ਼ ਮੁਹੱਬਤ ਲਿਖ ਕੇ, ਇਕ ਦਮ ਉਸ ਨੂੰ ਕਿਉਂ ਤੂੰ ਢਾਹਿਆ।

ਹੈ ਜ਼ਿੰਦਗੀ ਤੂੰ ਕੈਸੀ ਦਾਤੀ, ਬਿਨ ਮੰਗਿਆਂ ਤੋਂ ਦੇਵੇਂ ਦਾਤਾਂ,
ਜੇ ਮੰਗੀਏ ਤਾਂ ਝੋਲੀ ਪਾਵੇਂ, ਕਿੰਨਾ ਤੂੰ ਵੱਖਰ ਅਣਚਾਹਿਆ।

ਧਰਤ ਬੇਰਹਿਮ ਤੇਜ਼ਾਬੀ ਅੰਦਰ, ਇੱਕ ਵੀ ਸੁਪਨਾ ਪੁੰਗਰਿਆ ਨਾ,
ਮੇਰੇ ਪਿਉ-ਦਾਦੇ ਨੇ ਮੁੜ੍ਹਕਾ, ਕਈ ਸਦੀਆਂ ਤੋਂ ਇਸ ਵਿਚ ਵਾਹਿਆ।

ਸ਼ਬਦ ਪੋਟਲੀ ਦੇ ਵਿਚ ਬੰਨਿਆ, ਕੁਝ ਵੀ ਇਸ 'ਚੋਂ ਮੇਰਾ ਨਹੀਂ ਹੈ,
ਇਹ ਤਾਂ ਕਰਜ਼ ਖੜ੍ਹਾ ਸੀ ਸਿਰ 'ਤੇ ਕਿਸ਼ਤਾਂ ਕਰਕੇ ਮਗਰੋਂ ਲਾਹਿਆ।

*

ਗੁਲਨਾਰ- 115