ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਰ ਦਿਨਾਂ ਦੇ ਚਾਨਣ ਮਗਰੋਂ ਹੁਣ ਇਹ ਕਾਲੀ ਰਾਤ ਕਿਉਂ ਹੈ?
ਬਿਨਾ ਹੁੰਗਾਰਾ, ਅੱਧ ਵਿਚਕਾਹੇ, ਰੁਕ ਚਲੀ ਹੁਣ ਬਾਤ ਕਿਉਂ ਹੈ।

ਪੌਣੀ ਸਦੀ ਗੁਜ਼ਾਰਨ ਮਗਰੋਂ, ਹੁਣ ਤਾਂ ਸਾਡਾ ਪੁੱਛਣਾ ਬਣਦੈ,
ਕੱਚੇ ਘਰ ਦੇ ਹਿੱਸੇ ਆਉਂਦੀ, ਹੰਝੂਆਂ ਦੀ ਬਰਸਾਤ ਕਿਉਂ ਹੈ।

ਫੁੱਲ ਕਲੀਆਂ ਖੁਸ਼ਬੋਈਆਂ ਬੀਜਾਂ, ਮਿੱਟੀ ਅੰਦਰ ਕੇਰਾਂ ਰੀਝਾਂ,
ਅੱਖ ਬਚਾ ਕੇ ਲੰਘਦੀ ਮੈਥੋਂ, ਖੁਸ਼ੀਆਂ ਦੀ ਬਾਰਾਤ ਕਿਉਂ ਹੈ।

ਸ਼ਾਮੀਂ ਕਿੱਥੇ ਲੁਕਦੈ ਸੂਰਜ, ਧਰਤੀ ਪੁੱਛੇ ਅੰਬਰ ਕੋਲੋਂ,
ਚਾਨਣ ਦਾ ਵਣਜਾਰਾ ਪਾਉਂਦਾ, ਮੇਰੇ ਪੱਲੇ ਰਾਤ ਕਿਉਂ ਹੈ।

ਕਿਸ ਨਸਲ ਦੇ ਸਾਕ ਸਹੇੜੇ, ਬਣੇ ਵਿਕਾਊ ਖੁਸ਼ੀਆਂ ਖੇੜੇ,
ਮੰਡੀ ਬੈਠੇ ਰਿਸ਼ਤੇ ਨਾਤੇ, ਪਥਰਾਈ ਔਕਾਤ ਕਿਉਂ ਹੈ।

ਡੁਸਕੇ ਚਾਟੀ ਸਣੇ ਮਧਾਣੀ, ਉਲਝ ਗਈ ਸਾਡੀ ਤੰਦ ਤਾਣੀ,
ਗਰਦ ਗੁਬਾਰ ਨਜ਼ਰ ਦੇ ਅੱਗੇ, ਉਲਝੀ ਉਲਝੀ ਝਾਤ ਕਿਉਂ ਹੈ।

ਪੱਕੀ ਫ਼ਸਲ ਤੇ ਬਿਜਲੀ ਪੈ ਗਈ ਸਰਸਵਤੀ ਤੇ ਲੱਛਮੀ ਬਹਿ ਗਈ,
ਗਿਆਨ ਪੰਘੂੜੇ ਵਾਲੇ ਘਰ ਵਿੱਚ, ਰੁਲ ਗਈ ਕਲਮ ਦਵਾਤ ਕਿਉਂ ਹੈ।

*

ਗੁਲਨਾਰ- 15